ਕਰਮਜੀਤ ਸਿੰਘ ਚਿੱਲਾ
ਬਨੂੜ, 8 ਅਕਤੂਬਰ
ਬਨੂੜ ਖੇਤਰ ਦੇ ਪਿੰਡ ਕਰਾਲਾ ਵਿੱਚ ਬੀਤੀ ਰਾਤ ਬੁਖਾਰ ਕਾਰਨ ਵਿਆਹੁਤਾ ਦੀ ਮੌਤ ਹੋ ਗਈ। ਇਸ ਪਿੰਡ ਵਿੱਚ ਦਰਜਨ ਤੋਂ ਵੱਧ ਵਿਅਕਤੀ ਬੁਖਾਰ ਤੋਂ ਪੀੜਤ ਹਨ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਭੂਪਿੰਦਰ ਕੌਰ (45) ਪਤਨੀ ਜਗਤਾਰ ਸਿੰਘ ਦੀ ਬੀਤੀ ਰਾਤ ਮੌਤ ਹੋਈ। ਇਸ ਮਹਿਲਾ ਨੂੰ ਕੁਝ ਦਿਨ ਪਹਿਲਾਂ ਡੇਂਗੂ ਦੀ ਪੁਸ਼ਟੀ ਹੋਈ ਸੀ। ਉਨ੍ਹਾਂ ਕਿਹਾ ਕਿ ਪਿੰਡ ਦੇ ਇੱਕ ਹੋਰ ਵਿਅਕਤੀ ਦੀ ਵੀ ਦੋ ਦਿਨ ਪਹਿਲਾਂ ਬੁਖਾਰ ਨਾਲ ਮੌਤ ਹੋਈ ਸੀ। ਪਿੰਡ ਦੇ ਕਾਫ਼ੀ ਵਸਨੀਕ ਬੁਖਾਰ ਤੋਂ ਪੀੜਤ ਹਨ ਤੇ ਕਈਆਂ ਦੇ ਪਲੇਟਲੈਟਸ ਘਟੇ ਹੋਏ ਹਨ।
ਸਰਪੰਚ ਨੇ ਦੱਸਿਆ ਕਿ ਉਨ੍ਹਾਂ ਨੇ ਸਿਹਤ ਵਿਭਾਗ ਦੇ ਬਨੂੜ ਅਤੇ ਡੇਰਾਬੱਸੀ ਸਥਿਤ ਅਧਿਕਾਰੀਆਂ ਨੂੰ ਜਾਣੂ ਕਰਾਇਆ ਹੈ ਅਤੇ ਫੌਗਿੰਗ ਕਰਾਉਣ ਲਈ ਆਖਿਆ ਹੈ ਪਰ ਹਾਲੇ ਤੱਕ ਫੌਗਿੰਗ ਮਸ਼ੀਨ ਉਪਲਬੱਧ ਨਹੀਂ ਹੋਈ। ਬਨੂੜ ਦੇ ਸ਼ਹਿਰੀਆਂ ਨੇ ਵੀ ਸਮੁੱਚੇ ਵਾਰਡਾਂ ਵਿੱਚ ਫੌਗਿੰਗ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸੀਐੱਚਸੀ ਬਨੂੜ ਦੀ ਐੱਸਐੱਮਓ ਡਾ. ਰਵਨੀਤ ਕੌਰ ਨੇ ਦੱਸਿਆ ਕਿ ਕਰਾਲਾ ਦੀ ਮਹਿਲਾ ਨੂੰ ਕੁਝ ਦਿਨ ਪਹਿਲਾਂ ਡੇਂਗੂ ਹੋਣ ਦੀ ਪੁਸ਼ਟੀ ਤਾਂ ਹੋਈ ਸੀ ਪਰ ਇਸ ਮਰੀਜ਼ ਦੀ ਮੌਤ ਡੇਂਗੂ ਜਾਂ ਕਿਸੇ ਹੋਰ ਕਾਰਨ ਕਰਕੇ ਹੋਈ ਹੈ, ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਕਰਮੀਆਂ ਵੱਲੋਂ ਲੋੜਵੰਦਾਂ ਨੂੰ ਦਵਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫੌਗਿੰਗ ਸਬੰਧੀ ਕਾਰਵਾਈ ਡੇਰਾਬੱਸੀ ਤੋਂ ਹੋਣੀ ਹੈ।
ਲਾਲੜੂ (ਸਰਬਜੀਤ ਸਿੰਘ ਭੱਟੀ): ਹਮਾਯੁੰਪੁਰ-ਤਸਿੰਬਲੀ ’ਚ ਡੇਂਗੂ ਕਾਰਨ ਹੁਣ ਤੱਕ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ‘ਆਪ’ ਆਗੂ ਸੁਭਾਸ਼ ਸ਼ਰਮਾ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਪਿੰਡ ਵਾਸੀ ਅਮਰਜੀਤ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਤੇ ਚਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਦੂਸ਼ਿਤ ਹੈ ਮੁਬਾਰਿਕਪੁਰ, ਢਕੌਲੀ, ਜ਼ੀਰਕਪੁਰ, ਬਲਟਾਣਾ ਵਿੱਚ ਵੀ ਡੇਂਗੂ ਬੁਖਾਰ ਦਾ ਕਹਿਰ ਜਾਰੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਸਿਹਤ ਸਹੂਲਤਾਂ ਵਧਾਈਆਂ ਜਾਣ।
ਐੱਸਐੱਮਓ ਵੱਲੋਂ ਫੌਗਿੰਗ ਕਰਵਾਉਣ ਦਾ ਭਰੋਸਾ
ਡੇਰਾਬੱਸੀ ਦੀ ਐੱਸਐੱਮਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਫੌਗਿੰਗ ਲਈ ਦਵਾਈ ਤਾਂ ਸਿਹਤ ਵਿਭਾਗ ਮੁਹੱਈਆ ਕਰਾਉਂਦਾ ਹੈ ਪਰ ਫੌਗਿੰਗ ਮਸ਼ੀਨ ਬੀਡੀਪੀਓ ਦਫ਼ਤਰ ਵੱਲੋਂ ਭੇਜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਜਪੁਰਾ ਬਲਾਕ ਵਿੱਚੋਂ ਪੰਚਾਇਤ ਨੂੰ ਮਸ਼ੀਨ ਨਹੀਂ ਮਿਲਦੀ ਤਾਂ ਉਹ ਡੇਰਾਬੱਸੀ ਬਲਾਕ ਵਿੱਚੋਂ ਮਸ਼ੀਨ ਦਾ ਪ੍ਰਬੰਧ ਕਰਵਾ ਕੇ ਫੌਗਿੰਗ ਕਰਵਾ ਦੇਣਗੇ।