ਪੱਤਰ ਪ੍ਰੇਰਕ
ਚੰਡੀਗੜ੍ਹ, 1 ਅਕਤੂਬਰ
ਚੰਡੀਗੜ੍ਹ ਵਿੱਚ ਮਲੇਰੀਆ ਅਤੇ ਡੇਂਗੂ ਦੀ ਬਿਮਾਰੀ ਫੈਲਾਉਣ ਵਾਲਾ ਮੱਛਰ ਮਾਰਨ ਦੇ ਮਕਸਦ ਨਾਲ ਅੱਜ ਯੂ.ਟੀ. ਦੇ ਐਨੀਮਲ ਹਸਬੈਂਡਰੀ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਸੁਖਨਾ ਝੀਲ ਨੇੜੇ ਬਰਸਾਤੀ ਪਾਣੀ ਦੇ ਨਾਲ਼ੇ ਵਿੱਚ ਗੰਬੂਜ਼ੀਆ ਮੱਛੀ ਛੱਡੀ ਗਈ।
ਵਿਭਾਗ ਦੇ ਸੈਕਟਰੀ ਡਾ. ਵਿਜੇ ਨਾਮਦੇਓਰਾਓ ਜ਼ਾਦੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਮੱਛੀ ਛੱਡਣ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਕਹਿਣਾ ਸੀ ਕਿ ਅਕਸਰ ਬਰਾਸਤ ਦੇ ਦਿਨਾਂ ਵਿੱਚ ਡੇਂਗੂ ਅਤੇ ਮਲੇਰੀਆ ਦਾ ਮੱਛਰ ਪੈਦਾ ਹੁੰਦਾ ਹੈ। ਇਹ ਗੰਬੂਜ਼ੀਆ ਮੱਛੀ ਇਸ ਮੱਛਰ ਨੂੰ ਖ਼ਤਮ ਕਰਦੀ ਹੈ। ਇਸ ਮੌਕੇ ਜੰਗਲਾਤ ਵਿਭਾਗ ਦੇ ਅਧਿਕਾਰੀ ਡਾ. ਅਬਦੁਲ ਕਯੂਮ ਆਈ.ਐਫ.ਐਸ., ਐਨੀਮਲ ਐਂਡ ਫਿਸ਼ਰੀਜ਼ ਵਿਭਾਗ ਦੇ ਡਾਇਰੈਕਟਰ ਮਨੀਸ਼ ਕੁਮਾਰ ਲੋਹਾਨ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਇੱਕ ਗੰਬੂਜ਼ੀਆ ਬਾਲਿਗ ਮੱਛੀ ਹਰ ਰੋਜ਼ 100 ਤੋਂ 300 ਮੱਛਰ ਦਾ ਲਾਰਵਾ ਖ਼ਤਮ ਕਰ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਗੰਬੂਜ਼ੀਆ ਮੱਛੀ ਨੂੰ ਹੋਰ ਵੀ ਖੜ੍ਹੇ ਪਾਣੀ ਦੇ ਸਥਾਨਾਂ ਵਿੱਚ ਛੱਡਿਆ ਜਾਵੇਗਾ। ਉਨ੍ਹਾਂ ਨੇ ਚੰਡੀਗੜ੍ਹ ਦੇ ਵਸਨੀਕ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਬਚਾਅ ਲਈ ਕਿਤੇ ਵੀ ਪਾਣੀ ਨੂੰ ਖੜ੍ਹਾ ਨਾ ਹੋਣ ਦੇਣ।
ਬਲੌਂਗੀ ਕਲੋਨੀ ਵਿੱਚ 9 ਸਾਲਾ ਬੱਚੇ ਦੀ ਡੇਂਗੂ ਨਾਲ ਮੌਤ
ਮੁਹਾਲੀ(ਪੱਤਰ ਪ੍ਰੇਰਕ): ਬਲੌਂਗੀ ਦੀ ਆਦਰਸ਼ ਕਲੋਨੀ ਵਿੱਚ ਇਕ ਮਾਸੂਮ ਬੱਚੇ ਦੀ ਡੇਂਗੂ ਨਾਲ ਮੌਤ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਬੱਚੇ ਦੀ ਪਛਾਣ ਪਵਨ ਕੁਮਾਰ (9) ਵਜੋਂ ਹੋਈ ਹੈ। ਇਹ ਬੱਚਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ ਅਤੇ ਉਸ ਨੂੰ ਦੋ ਦਿਨ ਪਹਿਲਾਂ ਸਰਕਾਰੀ ਹਸਪਤਾਲ ਫੇਜ਼-6 ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਪ੍ਰੰਤੂ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀਜੀਆਈ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।