ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਅਕਤੂਬਰ
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਨਿੱਜੀ ਹਸਪਤਾਲ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਆਪਣੇ ਦਫ਼ਤਰ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੀ ਮੀਟਿੰਗ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਡੇਂਗੂ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਡੇਂਗੂ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਆਪਣੇ ਵੱਲੋਂ ਪੂਰੀ ਵਾਹ ਲਾ ਰਿਹਾ ਹੈ ਪਰ ਫਿਰ ਵੀ ਨਿੱਜੀ ਹਸਪਤਾਲਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਨਾਲ ਸਾਂਝੀ ਲੜਾਈ ਲੜੀ ਜਾ ਸਕੇ।
ਸਿਵਲ ਸਰਜਨ ਨੇ ਕਿਹਾ ਕਿ ਨਿੱਜੀ ਹਸਪਤਾਲ ਅਤੇ ਲੈਬਾਰਟਰੀਆਂ ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਹੀ ਇਲਾਜ ਕਰਨ ਅਤੇ ਕਿਸੇ ਵੀ ਮਰੀਜ਼ ਕੋਲੋਂ ਡੇਂਗੂ ਦੀ ਜਾਂਚ ਅਤੇ ਇਲਾਜ ਲਈ ਵਾਧੂ ਪੈਸੇ ਨਾ ਵਸੂਲੇ ਜਾਣ। ਉਨ੍ਹਾਂ ਕਿਹਾ ਕਿ ਕਈ ਵਾਰ ਆਮ ਬੁਖ਼ਾਰ ਹੋਣ ’ਤੇ ਵੀ ਮਰੀਜ਼ਾਂ ਅੰਦਰ ਡਰ ਪੈਦਾ ਕਰ ਦਿੱਤਾ ਜਾਂਦਾ ਹੈ ਜਦਕਿ ਮਰੀਜ਼ ਨੂੰ ਉਸ ਦੀ ਸਹੀ ਹਾਲਤ ਤੋਂ ਵਾਕਫ਼ ਕਰਾਇਆ ਜਾਣਾ ਚਾਹੀਦਾ ਹੈ ਜਦਕਿ ਸਰੀਰ ਅੰਦਰਲੇ ਪਲੇਟਲੈੱਟਸ ਜਾਂ ਸੈੱਲਾਂ ਦੀ ਥੋੜ੍ਹੀ-ਬਹੁਤ ਕਮੀ ਆਮ ਤੌਰ ’ਤੇ ਹਰ ਬੁਖ਼ਾਰ ਵਿੱਚ ਹੋ ਜਾਂਦੀ ਹੈ। ਸੈੱਲ ਘਟਣ ਦਾ ਅਰਥ ਡੇਂਗੂ ਬੁਖ਼ਾਰ ਹੋਣਾ ਬਿਲਕੁਲ ਵੀ ਨਹੀਂ ਹੈ।
ਸਬੰਧਤ ਫੋਟੋ ਮੁਹਾਲੀ-1, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਮੀਟਿੰਗ ਵਿੱਚ ਡੇਂਗੂ ਬਾਰੇ ਚਰਚਾ ਕਰਦੇ ਹੋਏ। -ਫੋਟੋ: ਸੋਢੀ