ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 21 ਅਕਤੂਬਰ
ਮੁਹਾਲੀ ਵਿੱਚ ਕਰੋਨਾ ਮਹਾਮਾਰੀ ਤੋਂ ਬਾਅਦ ਲਗਾਤਾਰ ਵਧ ਰਹੇ ਡੇਂਗੂ ਦੀ ਮਾਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਨਿੱਜੀ ਹਸਪਤਾਲਾਂ ਦੇ ਪ੍ਰਬੰਧਕਾਂ ਅਤੇ ਅਧਿਕਾਰਤ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਡੇਂਗੂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਦੇ ਨਾਲ-ਨਾਲ ਡੇਂਗੂ ਦੀ ਰੋਕਥਾਮ ਗਤੀਵਿਧੀਆਂ ਵਿੱਚ ਸਹਿਯੋਗ ਦੇਣ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ। ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਿਹਤ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਫੌਗਿੰਗ, ਕੰਟੇਨਰ ਸਰਵੇ ਅਤੇ ਜਾਗਰੂਕਤਾ ਮੁਹਿੰਮ ਤੋਂ ਇਲਾਵਾ ਡੇਂਗੂ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਠੋਸ ਕਦਮਾਂ ਸਬੰਧੀ ਪ੍ਰਾਈਵੇਟ ਹਸਪਤਾਲਾਂ ਦਾ ਸਹਿਯੋਗ ਲੈਣ ਦਾ ਫੈਸਲਾ ਕੀਤਾ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਐਪੇਡੈਮੋਲੋਜਿਸਟ ਡਾ. ਵਿਕਰਾਂਤ ਨਾਗਰਾ ਦੀ ਮੌਜੂਦਗੀ ਵਾਲੀ ਇਸ ਮੀਟਿੰਗ ਦੌਰਾਨ ਡੀਸੀ ਨੇ ਪ੍ਰਾਈਵੇਟ ਹਸਪਤਾਲਾਂ ਦੀ ਮੈਨੇਜਮੈਂਟ ਨੂੰ ਡੇਂਗੂ ਪੀੜਤਾਂ ਲਈ ਲੋੜ ਅਨੁਸਾਰ ਬੈੱਡਾਂ ਦੀ ਗਿਣਤੀ ਵਧਾਉਣ ਅਤੇ ਕਿਸੇ ਨੂੰ ਵੀ ਇਲਾਜ ਤੋਂ ਇਨਕਾਰ ਨਾ ਕਰਨ ਦੇ ਆਦੇਸ਼ ਦਿੱਤੇ।
ਡੇਂਗੂ ਦੀ ਰੋਕਥਾਮ ਲਈ ਫੌਗਿੰਗ ਕਰਵਾਈ
ਲਾਲੜੂ (ਪੱਤਰ ਪ੍ਰੇਰਕ): ਨਜ਼ਦੀਕੀ ਪਿੰਡ ਹਮਾਯੁੰਪੁਰ-ਤਸਿੰਬਲੀ ਵਿੱਚ ਗਰਾਮ ਪੰਚਾਇਤ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਡੇਂਗੂ ਦੀ ਬਿਮਾਰੀ ਤੋਂ ਨਿਜ਼ਾਤ ਪਾਉਣ ਲਈ ਫੌਗਿੰਗ ਕਰਵਾਈ ਅਤੇ ਮੁਫ਼ਤ ਦਵਾਈਆਂ ਵੀ ਵੰਡੀਆ, ਇਸ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ, ਹਮਾਯੁੰਪੁਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ। ਉਥੇ ਹੀ ਨਗਰ ਕੌਂਸਲ ਲਾਲੜੂ ਵਲੋਂ ਵੱਖ-ਵੱਖ ਵਾਰਡਾਂ ਵਿੱਚ ਲਗਾਤਾਰ ਫੌਗਿੰਗ ਕਰਵਾਈ ਜਾ ਰਹੀ ਹੈ। ਸੈਨੇਟਰੀ ਇੰਸਪੈਕਟਰ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਕੌਂਸਲ ਦੀ ਪ੍ਰਧਾਨ ਬਿੰਦੂ ਰਾਣਾ ਦੇ ਦਿਸ਼ ਨਿਰਦੇਸ਼ਾਂ ਤਹਿਤ ਫੌਗਿੰਗ ਕਰਨ ਵਾਲੀ ਗੱਡੀ ਅਤੇ ਮੁਲਾਜ਼ਮ ਵਾਰਡ ਨੰਬਰ 5, 6, 7, 8 ਵਿੱਚ ਪਿਛਲੇ ਦੋ ਤਿੰਨ ਦਿਨਾ ਤੋਂ ਲਗਾਤਾਰ ਫੌਗਿੰਗ ਕਰ ਰਹੇ ਹਨ।