ਜਗਜੀਤ ਕੁਮਾਰ
ਖਮਾਣੋਂ, 17 ਮਈ
ਇਥੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਿੱਖਿਆ ਬਲਾਕ ਦਫਤਰਾਂ ਦੇ ਅੱਗੇ ਅੱਜ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਮੋਰਚੇ ਦੇ ਆਗੂ ਰਾਜਿੰਦਰ ਸਿੰਘ ਰਾਜਨ, ਜਸਵਿੰਦਰ ਸਿੰਘ ਸੈਦਪੁਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਨਿੱਜੀਕਰਨ ਪੱਖੀ ਕੌਮੀ ਸਿੱਖਿਆ ਨੀਤੀ-2020 ਤਹਿਤ ਪ੍ਰਾਇਮਰੀ ਤੇ ਮਿਡਲ ਸਕੂਲਾਂ ਦਾ ਫੌਰੀ ਉਜਾੜਾ ਕਰਕੇ ਵੱਡੇ ਅਕਾਰੀ ਸਕੂਲਾਂ ਰੂਪੀ ਕਾਰਪੋਰੇਟੀ ਮਾਡਲ ਖੜ੍ਹਾ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਨੂੰ ਪੂਰਨ ਤੌਰ ’ਤੇ ਖਤਮ ਕਰਨ ਲਈ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖ਼ਲਾ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਨ ਦੇ ਜ਼ੁਬਾਨੀ ਹੁਕਮ ਚਾੜ੍ਹੇ ਗਏ ਹਨ ਜਿਸ ਦੇ ਸਿੱਟੇ ਵਜੋਂ ਪ੍ਰਾਇਮਰੀ ਡਾਇਰੈਕਟੋਰੇਟ ਦੀ ਵੱਖਰੀ ਹੋਂਦ, ਤਰੱਕੀਆਂ ਅਤੇ ਨਵੀਂ ਭਰਤੀ ’ਤੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸੈਕੰਡਰੀ ਸਕੂਲਾਂ ਵਿੱਚ ਕਰਵਾਏ ਜਾ ਰਹੇ ਪ੍ਰਾਇਮਰੀ ਬੱਚਿਆਂ ਦੇ ਦਾਖ਼ਲੇ ਬੰਦ ਹੋਣੇ ਚਾਹੀਦੇ ਹਨ ਅਤੇ ਦਾਖ਼ਲ ਪ੍ਰਾਇਮਰੀ ਬੱਚਿਆਂ ਨੂੰ ਪਹਿਲਾਂ ਦੀ ਤਰ੍ਹਾਂ ਪ੍ਰਾਇਮਰੀ ਸਕੂਲਾਂ ’ਚ ਭੇਜਿਆ ਜਾਵੇ, ਖਤਮ ਕੀਤੀਆਂ ਸੀਐਂਡਵੀ ਦੀਆਂ ਦੀਆਂ ਅਸਾਮੀਆਂ ਤੁਰੰਤ ਬਹਾਲ ਕੀਤੀਆਂ ਜਾਣ, 228 ਪੀਟੀਆਈਜ਼ ਨੂੰ ਤੁਰੰਤ ਉਨ੍ਹਾਂ ਦੇ ਸਕੂਲ ਵਿੱਚ ਭੇਜਿਆ ਜਾਵੇ, ਕਰੋਨਾ ਪੀੜਤ ਅਧਿਆਪਕਾਂ ਨੂੰ ਤੁਰੰਤ ਕੁਆਰਨਟੀਨ ਛੁੱਟੀ ਲਾਗੂ ਕੀਤੀ ਜਾਵੇ।
ਨੂਰਪੁਰਬੇਦੀ(ਅਵਿਨਾਸ਼ ਸ਼ਰਮਾ): ਅੱਜ ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ’ਤੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾੜੇ ਦੀ ਚੱਲ ਰਹੀ ਸਾਜਿਸ਼ ਤੇ ਕਰੋਨਾ ਦੌਰਾਨ ਅਧਿਆਪਕਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਦੇ ਵਿਰੋਧ ’ਚ ਬਿਨਾਂ ਵਜ੍ਹਾ ਸਕੂਲ ਖੋਲ੍ਹਣ ਦੇ ਫੈਸਲੇ ਦੇ ਖ਼ਿਲਾਫ਼ ਸਿੱਖਿਆ ਸਕੱਤਰ ਦੀ ਅਰਥੀ ਫੂਕੀ ਗਈ। ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਸੰਜੀਵ ਮੋਠਾਪੁਰ, ਪਰਮਿੰਦਰ ਭਾਰਤੀ ਤੇ ਹਰਮੇਸ ਸੈਣੀ ਦੀ ਅਗਵਾਈ ’ਚ ਕੀਤੇ ਰੋਸ ਵਿਖਾਵੇ ਦੌਰਾਨ ਆਗੂਆਂ ਨੇ ਕਿਹਾ ਨੇ ਕਿਹਾ ਸਰਕਾਰ ਅਧਿਆਪਕ ਨਾਲ ਵਿਤਕਰੇ ਦੀ ਨੀਤੀ ’ਤੇ ਚੱਲ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ, ਕਰੋਨਾ ਨਾਲ ਜਾਨ ਗੁਆ ਚੁੱਕੇ ਅਧਿਆਪਕਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਮੁਆਵਜ਼ਾ ਦਿੱਤਾ ਜਾਵੇ ਤੇ ਇਕਾਂਤਵਾਸ ਛੁੱਟੀ ਬਹਾਲ ਕੀਤੀ ਜਾਵੇ। ਇਸ ਮੌਕੇ ਅਵਨੀਤ ਚੱਢਾ, ਪਰਮਿੰਦਰ ਸਿੰਘ, ਮਨਪ੍ਰੀਤ ਸਿੰਘ ਲੈਹੜੀਆਂ, ਜਸਵੀਰ ਸਿੰਘ ਡੂਮੇਵਾਲ,ਅਰਪਣ ਕੁਮਾਰ, ਸੁਰਿੰਦਰਪਾਲ ਸਿੰਘ ਸੈਣੀਮਾਜਰਾ, ਰਾਜਿੰਦਰ ਵਿਸਨੂੰ, ਉਂਕਾਰ ਸਿੰਘ ਧਮਾਣਾ, ਲੈਕਚਰਾਰ ਪਾਖਰ, ਗੁਰਪ੍ਰੀਤ ਸਿੰਘ ਹੈਪੀ,ਅਰਜਣ ਸਿੰਘ ਮੋਠਾਪੁਰ, ਮਹਿੰਦਰ ਸਿੰਘ ਮੂਸਾਪੁਰ ਆਦਿ ਅਧਿਆਪਕ ਹਾਜ਼ਰ ਸਨ।
ਸਟਾਫ ਕਲੱਬ ਨੰਗਲ ਵਿੱਚ ਮੁਜ਼ਾਹਰਾ
ਨੰਗਲ (ਰਾਕੇਸ਼ ਸੈਣੀ): ਅੱਜ ਸਾਂਝਾ ਮੋਰਚਾ ਬਲਾਕ ਨੰਗਲ ਦੇ ਅਧਿਆਪਕਾਂ ਵਲੋਂ ਸਟਾਫ ਕਲੱਬ ਨੰਗਲ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਵੱਲੋਂ ਮੰਗ ਕੀਤੀ ਗਈ ਕਿ ਸੈਕੰਡਰੀ ਸਕੂਲਾਂ ਵਿੱਚ ਪ੍ਰਾਇਮਰੀ ਦੀਆਂ ਜਮਾਤਾਂ ਸ਼ੂਰੂ ਕਰਕੇ ਪ੍ਰਾਇਮਰੀ ਡਾਇਰੈਕਟੋਰੇਟ ਨੂੰ ਚੁੱਪ ਚਪੀਤੇ ਖਤਮ ਕੀਤਾ ਜਾ ਰਿਹਾ ਹੈ ਜਿਸ ਦਾ ਸਾਂਝਾ ਮੋਰਚਾ ਵਿਰੋਧ ਕਰਦਾ ਹੈ। ਇਸ ਮੌਕੇ ਲੈਕਚਰਾਰ ਦੇਵਰਾਜ ਭਲਾਣ, ਯੁਧਵੀਰ ਪਰਮਾਰ , ਵਿਕਾਸ ਕੁਮਾਰ, ਜਤਿੰਦਰ ਕੌਂਸਲ, ਭੁਪਿੰਦਰ ਸਿੰਘ ,ਵਿਕੇਸ ਚਾਂਦਲਾਂ ਹਾਜ਼ਰ ਸਨ।
ਸਿੱਖਿਆ ਸਕੱਤਰ ਵਿਰੁੱਧ ਰੋਸ ਮੁਜ਼ਾਹਰਾ
ਚਮਕੌਰ ਸਾਹਿਬ (ਸੰਜੀਵ ਬੱਬੀ): ਸਾਂਝੇ ਅਧਿਆਪਕ ਮੋਰਚੇ ਵੱਲੋਂ ਅਧਿਆਪਕ ਆਗੂ ਧਰਮਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਸਕੱਤਰ ਵਿਰੁੱਧ ਸੰਕੇਤਕ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਐੱਸਡੀਐੱਮ ਇੰਦਰਪਾਲ ਸਿੰਘ ਨੂੰ ਸਿੱਖਿਆ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਗੁਰਪ੍ਰੀਤ ਸਿੰਘ ਕੈਂਬੋ, ਰਾਜਿੰਦਰਪਾਲ ਬੈਂਸ, ਜਗਵਰਿੰਦਰ ਸਿੰਘ, ਦਲੀਪ ਸਿੰਘ ਭੂਰੜੇ, ਸੁਖਦਰਸ਼ਨ ਸਿੰਘ ਅਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।