ਪੱਤਰ ਪ੍ਰੇਰਕ
ਚੰਡੀਗੜ੍ਹ, 1 ਨਵੰਬਰ
ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰਦੀ ਆ ਰਹੇ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਅੱਜ 1 ਨਵੰਬਰ ਨੂੰ ਕਾਲ਼ੇ ਦਿਵਸ ਵਜੋਂ ਮਨਾਉਂਦਿਆਂ ਕਾਲ਼ੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਚ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਪ੍ਰਧਾਨ ਸੁਖਜੀਤ ਸਿੰਘ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ ਦੀ ਅਗਵਾਈ ਹੇਠ ਚੰਡੀਗੜ੍ਹ ਦੇ ਸੈਕਟਰ 21-22 ਅਤੇ ਸੈਕਟਰ 34-35 ਦੇ ਚੌਕ ਉਤੇ ਕੀਤੇ ਗਏ ਪ੍ਰਦਰਸ਼ਨ ਵਿੱਚ ਸ੍ਰੀ ਰਾਮ ਅਰਸ਼, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਆਗੂ ਜੋਗਿੰਦਰ ਸਿੰਘ ਬੁੜੈਲ, ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਨੇ ਹਿੱਸਾ ਲਿਆ।
ਯੂਨੀਵਰਸਿਟੀ ਵਿੱਚ ਹਰਿਆਣਾ ਦਿਵਸ ਮਨਾਇਆ , ਪੰਜਾਬ ਵਿਸਾਰਿਆ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਦੀ ਵਿਰਾਸਤ ਸਮਝੀ ਜਾਂਦੀ ਵਿਰਾਸਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਪਹਿਲੀ ਵਾਰ ‘ਹਰਿਆਣਾ ਦਿਵਸ’ ਵਜੋਂ ਤਾਂ ਮਨਾਇਆ ਗਿਆ ਪ੍ਰੰਤੂ ਪੰਜਾਬੀ ਪ੍ਰੇਮੀ ‘ਪੰਜਾਬ ਦਿਵਸ’ ਮਨਾਉਣੋਂ ਅਵੇਸਲੇ ਦਿਖਾਈ ਦਿੱਤੇ। ’ਵਰਸਿਟੀ ਦੇ ਵਿਦਿਆਰਥੀ ਕੇਂਦਰ ਵਿੱਚ ਹਰਿਆਣਾ ਦਿਵਸ ਮਨਾਉਣ ਲਈ ਪੀਯੂ ਵਿਦਿਆਰਥੀ ਕੌਂਸਲ ਦੇ ਸਕੱਤਰ ਪ੍ਰਵੇਸ਼ ਬਿਸ਼ਨੋਈ ਦੀ ਅਗਵਾਈ ਹੇਠ ਮਨੋਰੰਜਨ ਕੀਤਾ। ਇੱਥੇ ਹੀ ਪੀ.ਯੂ. ਦੇ ਡੀਨ ਵਿਦਿਆਰਥੀ ਭਲਾਈ ਜਗਤਾਰ ਸਿੰਘ ਅਤੇ ਐਸੋਸੀਏਟ ਡੀਨ ਭਲਾਈ ਅਸ਼ੋਕ ਕੁਮਾਰ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਰਿਆਣਾ ਦਿਵਸ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ।