ਹਰਜੀਤ ਸਿੰਘ
ਡੇਰਾਬੱਸੀ, 23 ਮਈ
ਸ਼ਹਿਰ ਦੇ ਮੇਨ ਬਾਜ਼ਾਰ ਅਤੇ ਰਾਮਲੀਲਾ ਮੈਦਾਨ ਦੇ ਦੁਕਾਨਦਾਰਾਂ ਨੇ ਅੱਜ ਨਾਜਾਇਜ਼ ਰੇਹੜੀਆਂ ਅਤੇ ਫੜ੍ਹੀਆਂ ਲਾਉਣ ਵਾਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦੁਕਾਨਦਾਰਾਂ ਨੇ ਰਾਮਲੀਲਾ ਮੈਦਾਨ ਤੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਦਫਤਰ ਤੱਕ ਰੋਸ ਰੈਲੀ ਵੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਨੂੰ ਮੰਗ ਪੱਤਰ ਦਿੰਦਿਆਂ ਇਸ ਸਮੱਸਿਆ ਦਾ ਹੱਲ ਮੰਗਿਆ।
ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਉਹ ਲੱਖਾਂ ਰੁਪਏ ਦੇ ਸ਼ੋਅਰੂਮ ਖੋਲ੍ਹ ਕੇ ਬੈਠੇ ਹਨ ਪਰ ਰਾਮਲੀਲਾ ਮੈਦਾਨ ਵਿੱਚ ਸੈਂਕੜੇ ਲੋਕਾਂ ਨੇ ਨਾਜਾਇਜ਼ ਰੇਹੜੀਆਂ ਅਤੇ ਫੜ੍ਹੀਆਂ ਲਾਈਆਂ ਹੋਈਆਂ ਹਨ। ਇੱਥੇ ਹਰ ਵੇਲੇ ਲੋਕਾਂ ਦਾ ਘੜਮੱਸ ਰਹਿੰਦਾ ਹੈ। ਮੈਦਾਨ ਵਿੱਚ ਵਾਹਨ ਖੜ੍ਹੇ ਕਰਨ ਲਈ ਢੁਕਵੀਂ ਥਾਂ ਨਾ ਮਿਲਣ ਕਾਰਨ ਗਾਹਕ ਉਨ੍ਹਾਂ ਦੀ ਦੁਕਾਨਾਂ ਵਿੱਚ ਨਹੀਂ ਆਉਂਦੇ। ਸਿੱਟੇ ਵਜੋਂ ਉਨ੍ਹਾਂ ਦੀ ਦੁਕਾਨਦਾਰੀ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਦੁਕਾਨਦਾਰਾਂ ਨੇ ਸਪੱਸ਼ਟ ਕੀਤਾ ਕਿ ਉਹ ਗਰੀਬ ਰੇਹੜੀ-ਫੜ੍ਹੀ ਵਾਲਿਆਂ ਨੂੰ ਉਜਾੜਨਾ ਨਹੀਂ ਚਾਹੁੰਦੇ ਸਗੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਢੁੱਕਵੀਂ ਥਾਂ ਮੁਹੱਈਆ ਕਰਵਾਈ ਜਾਏ।
ਨਾਜਾਇਜ਼ ਕਬਜ਼ੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ: ਵਿਧਾਇਕ
ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਉਹ ਨਾਜਾਇਜ਼ ਕਬਜ਼ੇ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੌਂਸਲ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਰਾਮਲੀਲਾ ਮੈਦਾਨ ਸਣੇ ਸ਼ਹਿਰ ਵਿੱਚ ਹੋਰਨਾਂ ਥਾਵਾਂ ’ਤੇ ਨਾਜਾਇਜ਼ ਤੌਰ ’ਤੇ ਲੱਗਣ ਵਾਲੀਆਂ ਰੇਹੜੀਆਂ ਨੂੰ ਛੇਤੀ ਹੀ ਹਟਾਇਆ ਜਾਏਗਾ। ਉਨ੍ਹਾਂ ਕਿਹਾ ਕਿ ਉਹ ਇਲਾਕਾ ਵਾਸੀਆਂ ਦੀ ਹਰ ਸਮੱਸਿਆ ਹੱਲ ਕਰਨ ਲਈ ਵਚਨਬੱਧ ਹਨ।