ਕੁਲਦੀਪ ਸਿੰਘ
ਚੰਡੀਗੜ੍ਹ, 16 ਅਗਸਤ
ਪੰਜਾਬ ਯੂਨੀਵਰਸਿਟੀ ਵਿਚ ਆਫ਼-ਲਾਈਨ ਪੜ੍ਹਾਈ ਸ਼ੁਰੂ ਕਰਵਾਉਣ, ਹੋਸਟਲ ਤੇ ਲਾਇਬ੍ਰੇਰੀਆਂ ਖੁੱਲ੍ਹਵਾਉਣ ਤੋਂ ਇਲਾਵਾ ’ਵਰਸਿਟੀ ਵਿਚ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੇ ਕਾਫ਼ੀ ਜ਼ੋਰ ਫੜ ਲਿਆ ਹੈ ਜਿਸ ਤਹਿਤ ਅੱਜ ਵਿਦਿਆਰਥੀ ਜਥੇਬੰਦੀ ਪੀਐੱਸਯੂ (ਲਲਕਾਰ) ਦੇ ਸੱਦੇ ’ਤੇ ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਵਾਈਸ ਚਾਂਸਲਰ ਨੂੰ ਸੰਘੀ ਤੇ ਆਰਐੱਸਐੱਸ ਦਾ ਹੱਥਠੋਕਾ ਕਰਾਰ ਦਿੱਤਾ। ਇਸੇ ਦੌਰਾਨ ਵਿਦਿਆਰਥੀਆਂ ਨੇ ਆਪਣਾ ਚਿਤਾਵਨੀ ਪੱਤਰ ਵੀ ਅਧਿਕਾਰੀਆਂ ਨੂੰ ਸੌਂਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਪੀਐੱਸਯੂ (ਲਲਕਾਰ) ਤੋਂ ਅਮਨਦੀਪ ਕੌਰ, ਐੱਸਐੱਫਐੱਸ ਤੋਂ ਸੰਦੀਪ, ਨੌਜਵਾਨ ਕਿਸਾਨ ਏਕਤਾ ਤੋਂ ਰਾਜ ਕੌਰ, ਸਰਕਾਰੀ ਕਾਲਜ ਬਚਾਓ ਮੰਚ ਤੋਂ ਮਨਪ੍ਰੀਤ ਜੱਸ, ਪੀਯੂ ਦੇ ਪੰਜਾਬੀ ਸਟੱਡੀਜ਼ ਵਿਭਾਗ ਦੇ ਯੋਗਰਾਜ ਅੰਗਰੀਸ਼, ਰਜਿਸਟਰਡ ਗ੍ਰੈਜੂਏਟ ਹਲਕੇ ਤੋਂ ਉਮੀਦਵਾਰ ਰਵਿੰਦਰ ਧਾਲੀਵਾਲ ਤੇ ਸੱਜਣ ਸਿੰਘ ਆਦਿ ਨੇ ਕਿਹਾ ਕਿ ਪੀ.ਯੂ. ਅਥਾਰਿਟੀ ਨੇ ਡੇਢ ਸਾਲ ਪਹਿਲਾਂ ਕਰੋਨਾ ਮਹਾਮਾਰੀ ਦੀ ਆੜ ਹੇਠ ਸਿਰਫ਼ ਦਸ ਦਿਨਾਂ ਲਈ ਯੂਨੀਵਰਸਿਟੀ ਬੰਦ ਕੀਤੀ ਸੀ ਪ੍ਰੰਤੂ ਹੁਣ ਤੱਕ ਲਗਾਤਾਰ ਆਨਲਾਈਨ ਪੜ੍ਹਾਈ ਦਾ ਡਰਾਮਾ ਰੱਚ ਕੇ ਵਿਦਿਆਰਥੀਆਂ ਦਾ ਪੜ੍ਹਾਈ ਨਾਲੋਂ ਨਾਤਾ ਤੋੜਿਆ ਹੋਇਆ ਹੈ।
ਉਨ੍ਹਾਂ ਮੰਗ ਕੀਤੀ ਕਿ ਆਫ਼ਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾਣ ਅਤੇ ’ਵਰਸਿਟੀ ਦੇ ਹੋਸਟਲ ਤੇ ਲਾਇਬ੍ਰੇਰੀਆਂ ਵੀ ਤੁਰੰਤ ਖੋਲ੍ਹੀਆਂ ਜਾਣ ਅਤੇ ਇਸ ਦੇ ਨਾਲ ਹੀ ਪੀ.ਯੂ. ’ਚ ਮੁਲਤਵੀ ਕੀਤੀਆਂ ਗਈਆਂ ਰਜਿਸਟਰਡ ਗ੍ਰੈਜੂਏਟ ਹਲਕੇ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ। ਧਰਨੇ ਉਪਰੰਤ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਦਿਨ-ਰਾਤ ਦਾ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ ਅਤੇ 18 ਅਗਸਤ ਨੂੰ ਪੀ.ਯੂ. ਵਿੱਚ ਵਿਸ਼ਾਲ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ।
ਧਾਲੀਵਾਲ ਵੱਲੋਂ ਦਿਨ-ਰਾਤ ਦਾ ਧਰਨਾ ਜਾਰੀ
ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰਵਿੰਦਰ ਸਿੰਘ ਧਾਲੀਵਾਲ ਵੱਲੋਂ ਸੈਨੇਟ ਚੋਣਾਂ ਕਰਵਾਉਣ ਸਬੰਧੀ ਦਿੱਤਾ ਜਾ ਰਿਹਾ ਦਿਨ-ਰਾਤ ਦਾ ਲਗਾਤਾਰ ਧਰਨਾ ਅੱਜ ਵੀ ਜਾਰੀ ਰਿਹਾ। ਉਨ੍ਹਾਂ ਕੋਲ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਅਤੇ ’ਵਰਸਿਟੀ ਦੇ ਸਾਬਕਾ ਸੈਨੇਟਰ ਡਾ. ਯੋਗਰਾਜ ਅੰਗਰੀਸ਼, ਸਾਬਕਾ ਸੈਨੇਟਰ ਮਾਲਵਿੰਦਰ ਸਿੰਘ ਕੰਗ, ਗੀਤਕਾਰ ਗਿੱਲ ਰੌਂਤਾ, ਸਰਕਾਰੀ ਕਾਲਜ ਬਚਾਓ ਮੰਚ ਤੋਂ ਬਲਵਿੰਦਰ ਚਹਿਲ, ਮਨਪ੍ਰੀਤ ਜੱਸ ਅਤੇ ਮਟਕਾ ਚੌਕ ਤੋਂ ਬਾਬਾ ਲਾਭ ਸਿੰਘ ਨੇ ਵੀ ਪਹੁੰਚ ਕਰ ਕੇ ਸੈਨੇਟ ਚੋਣਾਂ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ’ਚ ਸਮਰਥਨ ਦਿੱਤਾ। ਸ੍ਰੀ ਧਾਲੀਵਾਲ ਨੇ ਕਿਹਾ ਕਿ ਸੈਨੇਟ ਚੋਣਾਂ ਟਾਲਣ ਲਈ ਕਰੋਨਾ ਮਹਾਮਾਰੀ ਦਾ ਸਹਾਰਾ ਲਿਆ ਜਾ ਰਿਹਾ ਹੈ।