ਕੁਲਦੀਪ ਸਿੰਘ
ਚੰਡੀਗੜ੍ਹ, 21 ਸਤੰਬਰ
ਯੂਨਾਈਟਿਡ ਫਰੰਟ ਆਫ਼ ਮਾਸ ਆਰਗੇਨਾਈਜੇਸ਼ਨ ਚੰਡੀਗੜ੍ਹ ਨੇ ਮਜ਼ਦੂਰਾਂ-ਮੁਲਾਜ਼ਮਾਂ ਦੀਆਂ ਮੰਗਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੱਲ ਨਾ ਕਰਨ ਦੇ ਵਿਰੋਧ ਵਿੱਚ ਗਵਰਨਰ ਹਾਊਸ ਅੱਗੇ ਮੂੰਹਾਂ ’ਤੇ ਚਿੱਟੀਆਂ ਪੱਟੀਆਂ ਬੰਨ੍ਹ ਕੇ ਮੌਨ ਪ੍ਰਦਰਸ਼ਨ ਕੀਤਾ। ਗਵਰਨਰ ਹਾਊਸ ਦੇ ਅਧਿਕਾਰੀ ਵਨੀਤ ਕੁਮਾਰ ਨੇ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਪ੍ਰਸ਼ਾਸਨਿਕ ਅਧਿਕਾਰੀ ਫ਼ਰੰਟ ਦੇ ਅਹੁਦੇਦਾਰਾਂ ਨਾਲ ਗੱਲ ਕਰਨਗੇ। ਪ੍ਰਧਾਨ ਸ਼ਾਮ ਲਾਲ ਘਾਵਰੀ, ਜਨਰਲ ਸਕੱਤਰ ਰਾਕੇਸ਼ ਕੁਮਾਰ ਅਤੇ ਚੇਅਰਮੈਨ ਸਤਿੰਦਰ ਸਿੰਘ ਨੇ ਕਿਹਾ ਕਿ 6 ਸਤੰਬਰ ਨੂੰ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਦਫ਼ਤਰ ਅੱਗੇ ਵਿਸ਼ਾਲ ਰੈਲੀ ਕੀਤੀ ਗਈ ਸੀ ਜਿੱਥੇ ਐੱਸ.ਡੀ.ਐੱਮ. ਸੈਂਟਰਲ ਤੇਜਦੀਪ ਸਿੰਘ ਸੈਣੀ ਨੇ ਮੰਗਾਂ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਸੀ। ਇਸ ਉਪਰੰਤ ਐੱਸ.ਡੀ.ਐੱਮ. ਨੇ ਯੂ.ਟੀ. ਪ੍ਰਸ਼ਾਸਨ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਪੱਤਰ ਵੀ ਲਿਖਿਆ ਪਰ ਅੱਜ ਤੱਕ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਵੱਲੋਂ ਮੁਲਾਜ਼ਮਾਂ ਨਾਲ ਗੱਲਬਾਤ ਨਹੀਂ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਉਹ ਅੱਜ ਮੰਗ ਪੱਤਰ ਸੌਂਪਣ ਉਪਰੰਤ ਆਪਣਾ ਮੌਨ ਪ੍ਰਦਰਸ਼ਨ ਖ਼ਤਮ ਕਰ ਰਹੇ ਹਨ ਪਰ ਜੇਕਰ ਹੁਣ ਫਿਰ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਛੇਵਾਂ ਤਨਖਾਹ ਕਮਿਸ਼ਨ ਦੀਵਾਲੀ ਤੋਂ ਪਹਿਲਾਂ ਲਾਗੂ ਕਰ ਕੇ ਮੁਲਾਜ਼ਮਾਂ ਨੂੰ ਬਣਦੇ ਬਕਾਏ ਦੇਣ ਵੀ ਮੰਗ ਕੀਤੀ।