ਸ਼ਸ਼ੀ ਪਾਲ ਜੈਨ
ਖਰੜ, 9 ਮਈ
ਅੱਜ ਖਰੜ-ਕੁਰਾਲੀ ਸੜਕ ਤੋਂ ਇਲਾਕੇ ਦੇ ਕਈ ਪਿੰਡਾਂ ਲਈ ਰਸਤਾ ਬਣਾਉਣ ਜਾਂ ਅੰਡਰਬ੍ਰਿਜ ਦੀ ਉਸਾਰੀ ਦੀ ਮੰਗ ਲਈ ਪਿੰਡਾਂ ਦੇ ਲੋਕਾਂ ਨੇ ਪਿੰਡ ਖਾਨਪੁਰ ਵਿੱਚ ਸੜਕ ’ਤੇ ਧਰਨਾ ਦੇ ਕੇ ਟਰੈਫਿਕ ਜਾਮ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਐਡਵੋਕੇਟ ਗੁਰਜੀਤ ਸਿੰਘ, ਨੰਬਰਦਾਰ ਕੇਸਰ ਸਿੰਘ ਖਾਨਪੁਰ ਸਤਵੰਤ ਸਿੰਘ ਧਾਲੀਵਾਲ, ਸਰਪੰਚ ਅਵਤਾਰ ਸਿੰਘ ਭੁੱਖੜੀ, ਸਰਪੰਚ ਅਵਤਾਰ ਸਿੰਘ ਅਭੇਪੁਰ, ਰਣਧੀਰ ਸਿੰਘ, ਪਰਮਪ੍ਰੀਤ, ਯੂਥ ਕਿਸਾਨ ਯੂਨੀਅਨ ਆਗੂ, ਰਣਜੀਤ ਪਿੰਡ ਔਜਲਾ, ਸੁਰਜੀਤ ਸਿੰਘ, ਜਗਜੀਤ ਸਿੰਘ, ਅਜੇ ਕੁਮਾਰ, ਪ੍ਰਿੰਸ, ਅਮਨ ਤੇ ਸੱਤੀ ਨੇ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜਾ ਰਸਤਾ ਪਹਿਲਾਂ ਪਿੰਡ ਖਾਨਪੁਰ ਰੋਡ ਤੋਂ ਔਜਲਾ, ਭੁੱਖੜੀ, ਰਡਿਆਲਾ, ਅਭੈਪੁਰ, ਭਜੌਲੀ, ਜੱਕੜ ਮਾਜਰਾ ਤੋਂ ਤਿਊੜ ਹੁੰਦੇ ਹੋਏ ਮੁੱਲਾਂਪੁਰ ਨੂੰ ਜਾਂਦਾ ਸੀ, ਉਸਨੂੰ ਹਾਈਵੇਅ ਬਣਾਉਣ ਵਾਲਿਆਂ ਨੇ ਪੁਲ ਬਣਾ ਕੇ ਰਸਤਾ ਹੀ ਬੰਦ ਕਰ ਦਿੱਤਾ ਅਤੇ ਡੇਢ ਦੋ ਕਿਲੋਮੀਟਰ ’ਤੇ ਜਾ ਕੇ ਕੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੱਟ ਤੋਂ ਇਨ੍ਹਾਂ ਪਿੰਡਾ ਦੇ ਵਾਸੀ ਜਾ ਕੇ ਵਾਪਸ ਮੁੜ ਕੇ ਆਪਣੇ ਪਿੰਡਾਂ ਨੂੰ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਝੱਲਣੀ ਪੈਂਦੀ ਹੈ। ਉਨ੍ਹਾ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਿੰਡਾਂ ਦਾ ਰਸਤਾ ਬੰਦ ਕਰ ਕੇ ਸ਼ੋਅਰੂਮਾਂ ਦੇ ਵਾਸਤੇ ਖੋਲ੍ਹਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਨ੍ਹਾਂ 7/8 ਪਿੰਡਾਂ ਨੂੰ ਜਾਣ ਵਾਲੇ ਰਸਤੇ ’ਤੇ ਅੰਡਰਬ੍ਰਿਜ ਬਣਾ ਦਿੱਤਾ ਜਾਵੇ ਤਾਂ ਸੜਕ ਹਾਦਸਿਆਂ ਦੀ ਸਮੱਸਿਆ ਵੀ ਹੱਲ ਹੋ ਸਕਦੀ ਹੈ। ਇਸੇ ਦੌਰਾਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਇਸ ਸੜਕ ਜਾਮ ਕਾਰਨ ਘਿਰ ਗਏ ਤੇ ਉਨ੍ਹਾਂ ਧਰਨੇ ’ਤੇ ਬੈਠੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਇਸ ਸਬੰਧੀ ਸਰਕਾਰ ਤੋਂ ਪ੍ਰਸ਼ਨ ਪੁੱਛਣਗੇ। ਪੁਲੀਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਧਰਨਾ ਦੇਣ ਵਾਲਿਆਂ ਨੂੰ ਸਮਝਾਇਆ ਗਿਆ ਅਤੇ ਉਨ੍ਹਾਂ ਨੇ ਐੱਸ ਡੀ ਐੱਮ ਦਫ਼ਤਰ ਜਾ ਕੇ ਤਹਿਸੀਲਦਾਰ ਖਰੜ ਨੂੰ ਆਪਣਾ ਮੰਗ ਪੱਤਰ ਦਿੱਤਾ। ਧਰਨਾਕਾਰੀਆਂ ਨੇ ਇਸ ਉਪਰੰਤ ਧਰਨਾ ਖਤਮ ਕਰ ਦਿੱਤਾ ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮਸਲਾ ਹੱਲ ਨਾ ਹੋਇਆ ਤਾਂ ਕੋਈ ਵੱਡਾ ਐਕਸ਼ਨ ਕੀਤਾ ਜਾਵੇਗਾ।