ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਜੁਲਾਈ
ਪਿੰਡ ਝਿਊਰਹੇੜੀ ਦੇ ਘਰਾਂ ਵਿੱਚ ਗੰਧਲਾ ਪਾਣੀ ਸਪਲਾਈ ਕਰਨ ਹੋਣ ਤੋਂ ਖਫ਼ਾ ਲੋਕਾਂ ਨੇ ਐਤਵਾਰ ਨੂੰ ਜਲਘਰ ਨੇੜੇ ਇਕੱਤਰ ਹੋ ਕੇ ਗ੍ਰਾਮ ਪੰਚਾਇਤ ਖ਼ਿਲਾਫ਼ ਮੁਜ਼ਾਹਰਾ ਕੀਤਾ। ਇਸ ਮੌਕੇ ਪਿੰਡ ਵਾਸੀ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਿਛਲੇ ਕਾਫ਼ੀ ਦਿਨਾਂ ਤੋਂ ਗੰਧਲਾ ਪਾਣੀ ਆ ਰਿਹਾ ਹੈ। ਗੰਦੇ ਪਾਣੀ ਕਾਰਨ ਉਸ ਦੀ ਪਤਨੀ ਨੂੰ ਇਨਫੈਕਸ਼ਨ ਹੋ ਗਈ ਹੈ ਅਤੇ ਹੁਣ ਤੱਕ ਉਹ ਇਲਾਜ ’ਤੇ 20 ਹਜ਼ਾਰ ਰੁਪਏ ਖ਼ਰਚ ਚੁੱਕਾ ਹੈ। ਪਾਣੀ ਦੀ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਤੋਂ ਕਈ ਵਾਰ ਮੰਗ ਕੀਤੀ ਜਾ ਚੁੱਕੀ ਹੈ ਪਰ ਮਸਲਾ ਹੱਲ ਨਹੀਂ ਹੋਇਆ।
ਉਨ੍ਹਾਂ ਗੰਧਲੇ ਪਾਣੀ ਦੇ ਸੈਂਪਲ ਲੈ ਕੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਨੌਜਵਾਨ ਆਗੂ ਜਸਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪੰਚਾਇਤ ਵੱਲੋਂ ਪਾਣੀ ਦੀ ਸਪਲਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਬੀਤੀ ਦਿਨੀਂ 29 ਜੂਨ ਨੂੰ ਪਿੰਡ ਝਿਊਰਹੇੜੀ ਵਿੱਚ ਗਰਾਮ ਸਭਾ ਦਾ ਇਜਲਾਸ ਸੱਦਿਆ ਗਿਆ ਸੀ ਜਿਸ ਵਿੱਚ ਖ਼ਰੀਦ ਕਮੇਟੀ ਅਤੇ ਪਾਣੀ ਦੀ ਸੈਨੀਟੇਸ਼ਨ ਕਮੇਟੀ ਬਣਾਉਣ ਲਈ ਕਿਹਾ ਗਿਆ ਸੀ ਪਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੇ ਗ੍ਰਾਮ ਪੰਚਾਇਤ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪਿੰਡ ਵਿੱਚ ਜਲ ਨਿਕਾਸੀ ਦਾ ਮੁੱਦਾ ਵੀ ਚੁੱਕਿਆ।
ਨਵੀਂ ਪਾਈਪ ਲਾਈਨ ਪਾਉਣ ਲਈ ਐਸਟੀਮੇਟ ਤਿਆਰ ਕਰ ਕੇ ਭੇਜਿਆ ਗਿਐ: ਸਰਪੰਚ
ਸਰਪੰਚ ਮਨਦੀਪ ਕੌਰ ਅਤੇ ਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਝਿਊਰਹੇੜੀ ਵਿੱਚ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਕਾਫ਼ੀ ਪੁਰਾਣੀ ਹੋਣ ਕਾਰਨ ਥਾਂ-ਥਾਂ ਤੋਂ ਕੰਡਮ ਹੋ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਵਾਸੀ ਪੰਚਾਇਤ ਨੂੰ ਪੁੱਛੇ ਬਿਨਾਂ ਹੀ ਨਾਜਾਇਜ਼ ਕੁਨੈਕਸ਼ਨ ਜੋੜ ਲੈਂਦੇ ਹਨ ਜਿਸ ਕਾਰਨ ਪਾਈਪ ਲਾਈਨ ਕਾਫ਼ੀ ਥਾਵਾਂ ਤੋਂ ਟੁੱਟ ਗਈ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਨੇ ਨਵੀਂ ਪਾਈਪ ਲਾਈਨ ਪਾਉਣ ਲਈ ਐਸਟੀਮੇਟ ਤਿਆਰ ਕਰ ਕੇ ਜਲ ਸਪਲਾਈ ਵਿਭਾਗ ਨੂੰ ਭੇਜਿਆ ਹੈ। ਪ੍ਰਵਾਨਗੀ ਮਿਲਣ ਤੋਂ ਤੁਰੰਤ ਬਾਅਦ ਸਮੁੱਚੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਨਵੀਂ ਪਾਈਪ ਲਾਈਨ ਪਾਈ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧ ਕਰਨ ਵਾਲੇ ਖ਼ੁਦ ਡਿਫਾਲਟਰ ਹਨ, ਉਨ੍ਹਾਂ ’ਚੋਂ ਕਾਫ਼ੀ ਲੋਕ ਨਾਜਾਇਜ਼ ਕੁਨੈਕਸ਼ਨ ਜੋੜਨ ਦੇ ਬਾਵਜੂਦ ਪਾਣੀ ਦਾ ਬਿੱਲ ਨਹੀਂ ਦੇ ਰਹੇ ਤੇ ਜਦੋਂ ਪੰਚਾਇਤ ਬਿੱਲਾਂ ਦੀ ਅਦਾਇਗੀ ਲਈ ਕਹਿੰਦੀ ਹੈ ਤਾਂ ਉਹ ਝਗੜਾ ਕਰਨ ’ਤੇ ਉਤਾਰੂ ਹੋ ਜਾਂਦੇ ਹਨ।