ਮੁਕੇਸ਼ ਕੁਮਾਰ
ਚੰਡੀਗੜ੍ਹ, 21 ਜੂਨ
ਨਿਊਜੀਲੈਂਡ ਸਰਕਾਰ ਵੱਲੋਂ ਕੋਵਿਡ-19 ਕਾਰਨ ਦੇਸ਼ ਵਿੱਚ ਵਾਪਸ ਪਰਤਣ ਨੂੰ ਲੈ ਕੇ ਲਾਈਆਂ ਪਾਬੰਦੀਆਂ ਖ਼ਿਲਾਫ਼ ਚੰਡੀਗੜ੍ਹ ਸਣੇ ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਆਏ ਲੋਕਾਂ ਨੇ ਚੰਡੀਗੜ੍ਹ ਵਿੱਚ ਨਿਊਜ਼ੀਲੈਂਡ ਸਰਕਾਰ ਖ਼ਿਲਾਫ਼ ਮਨੁੱਖੀ-ਚੇਨ ਬਣਾ ਕੇ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਨਿਊਜ਼ੀਲੈਂਡ ਦਾ ਵੀਜ਼ਾ ਹੋਣ ਦੇ ਬਾਵਜੂਦ ਕੋਵਿਡ-19 ਦੀ ਦਲੀਲ ਦੇ ਕੇ ਦੇਸ਼ ਵਿੱਚ ਐਂਟਰੀ ਨਹੀਂ ਦਿੱਤੀ ਜਾ ਰਹੀ। ਇੱਥੇ ਚੰਡੀਗੜ੍ਹ ਦੇ ਸੈਕਟਰ-10 ਵਿੱਚ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਲੋਕਾਂ ਨੇ ਦੱਸਿਆ ਕਿ ਉਹ ਸਾਰੇ ਨਿਊਜ਼ੀਲੈਂਡ ਦੇ ਵੀਜ਼ਾ ਹੋਲਡਰ ਹਨ ਪਰ ਕੋਵਿਡ ਦੀ ਵਜ੍ਹਾ ਕਰ ਕੇ ਉਨ੍ਹਾਂ ਨੂੰ ਨਿਊਜ਼ੀਲੈਂਡ ਵਾਪਸ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਉਹ ਭਾਰਤ ਵਿੱਚ ਕਰੀਬ ਡੇਢ ਸਾਲ ਤੋਂ ਫਸੇ ਹੋਏ ਹਨ, ਕਈਆਂ ਦਾ ਤਾਂ ਵੀਜ਼ਾ ਵੀ ਸਮਾਪਤ ਹੋ ਗਿਆ ਹੈ।
ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਰੂਰੀ ਅਸਲ ਸਰਟੀਫਿਕੇਟ ਤੇ ਹੋਰ ਕਾਗਜ਼ ਵੀ ਨਿਊਜ਼ੀਲੈਂਡ ਵਿੱਚ ਹੀ ਪਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਹੋਰ ਸਾਮਾਨ ਵੀ ਨਿਊਜ਼ੀਲੈਂਡ ਵਿੱਚ ਹੀ ਹੈ। ਬਿਨਾਂ ਅਸਲ ਸਰਟੀਫਿਕੇਟਾਂ ਅਤੇ ਹੋਰ ਲੋੜੀਂਦੇ ਕਾਗਜ਼ਾਂ ਕਰ ਕੇ ਇੱਥੇ ਭਾਰਤ ਵਿੱਚ ਵੀ ਉਨ੍ਹਾਂ ਨੂੰ ਕੋਈ ਕੰਮ ’ਤੇ ਨਹੀਂ ਰੱਖ ਰਿਹਾ ਅਤੇ ਉਹ ਦੋ ਵਕਤ ਦੀ ਰੋਟੀ ਲਈ ਵੀ ਤਰਸ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇ ਭਾਰਤ ਸਰਕਾਰ ਅਤੇ ਸਥਾਨਕ ਸੂਬਾ ਸਰਕਾਰਾਂ ਨੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਤਾਂ ਉਹ ਦਿੱਲੀ ਸਥਿਤ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਰੋਸ ਪ੍ਰਦਰਸ਼ਨ ਦੌਰਾਨ ਕੋਵਿਡ-19 ਨੂੰ ਲੈ ਕੇ ਹਦਾਇਤਾਂ ਦੀ ਪਾਲਣਾ ਕੀਤੀ ਗਈ।