ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਅਪਰੈਲ
ਲਾਇਸੈਂਸ ਹੋਲਡਰ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਕੰਸਲਟੈਂਟ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਇੱਥੋਂ ਫੇਜ਼-3ਬੀ1 ਦੇ ਰੋਜ਼ ਗਾਰਡਨ ਦੇ ਸਾਹਮਣੇ ਸੜਕ ਕਿਨਾਰੇ ਖੜੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨਕਾਰੀ ਕਰੋਨਾ ਦੇ ਮੱਦੇਨਜ਼ਰ ਦੁਕਾਨਾਂ ਬੰਦ ਕਰਨ ਦਾ ਸਮਾਂ ਸ਼ਾਮ 5 ਵਜੇ ਕਰਨ ਦੇ ਫੈਸਲੇ ਦਾ ਵਿਰੋਧ ਕਰ ਰਹੇ ਸੀ। ਇਸ ਮੌਕੇ ਇਮੀਗਰੇਸ਼ਨ ਕੰਪਨੀ ਦੇ ਪ੍ਰਬੰਧਕਾਂ ਤੇ ਐਜੂਕੇਸ਼ਨ ਕੰਸਲਟੈਂਟਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਘਰ ਤੋਂ ਦਫ਼ਤਰ ਚਲਾਉਣ ਦੇ ਹੁਕਮ ਕੀਤੇ ਗਏ ਹਨ, ਜੋ ਉਨ੍ਹਾਂ ਲਈ ਸੰਭਵ ਹੀ ਨਹੀਂ ਹਨ, ਕਿਉਂਕਿ ਵਿਦਿਆਰਥੀਆਂ ਦੇ ਮਹੱਤਵਪੂਰਨ ਅੰਕੜਿਆਂ ਨੂੰ ਸੰਭਾਲ ਕੇ ਰੱਖਣਾ ਬਹੁਤ ਮੁਸ਼ਕਲ ਕੰਮ ਹੈ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਦੇ ਇਹ ਅੰਕੜੇ ਸਟਾਫ਼ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ ਕਿਉਂਕਿ ਪ੍ਰੋਸੈਸਿੰਗ ਕਰਨ ਵਾਲੇ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਡਾਇਰੈਕਟਰ ਜਾਂ ਮਾਲਕਾਂ ਦੀ ਹੈ। ਇਸ ਲਈ ਸਟਾਫ਼ ਨੂੰ ਬਿਨਾਂ ਕਿਸੇ ਨਿਗਰਾਨੀ ਜਾਂ ਦਿਸ਼ਾਵਾਂ ਦੇ ਘਰਾਂ ਤੋਂ ਆਨਲਾਈਨ ਕਲਾਸਾਂ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਆਈਲਟਸ ਦੀ ਆਨਲਾਈਨ ਪੜ੍ਹਾਈ ਕਰਵਾਉਣ ਲਈ ਹਾਈ ਸਪੀਡ ਇੰਟਰਨੈੱਟ ਤੇ ਆਡਿਓ ਵਿਜ਼ੂਅਲ ਉਪਕਰਨ ਸਿਸਟਮ ਦਫ਼ਤਰ ’ਚ ਲਾਇਆ ਗਿਆ ਹੈ। ਜਿਸ ਕਾਰਨ ਘਰ ਤੋਂ ਕਲਾਸਾਂ ਲਗਾਉਣੀਆਂ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਸਟਾਫ਼ ਦੀ ਹਾਜ਼ਰੀ 50 ਫੀਸਦੀ ਤੱਕ ਘੱਟ ਕਰ ਚੁੱਕੇ ਹਨ ਤੇ ਸਰਕਾਰ ਵੱਲੋਂ ਜਾਰੀ ਬਾਕੀ ਸਾਰੇ ਨਿਯਮਾਂ ਤੇ ਹੋਰ ਸਿਹਤ ਪ੍ਰੋਟੋਕਾਲ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ ਤੇ ਜ਼ਿਆਦਾਤਰ ਇਮੀਗ੍ਰੇਸ਼ਨ ਕੰਪਨੀ ਦੇ ਡਾਇਰੈਕਟਰਾਂ ਵੱਲੋਂ ਆਪਣੇ ਸਟਾਫ਼ ਦਾ ਟੀਕਾਕਰਨ ਵੀ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ। ਜਿਸ ਵਿੱਚ ਸਰਕਾਰ ਨੂੰ ਅਪੀਲ ਕੀਤੀ ਜਾਵੇਗੀ ਕਿ ਦਫ਼ਤਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।