ਕੁਲਦੀਪ ਸਿੰਘ
ਚੰਡੀਗੜ੍ਹ, 14 ਸਤੰਬਰ
ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮਸੀ ਐਂਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੇ ਬੈਨਰ ਥੱਲੇ ਯੂਟੀ ਇੰਜਨੀਅਰਿੰਗ ਡਿਪਾਰਟਮੈਂਟ ਐਂਪਲਾਈਜ਼ ਐਂਡ ਵਰਕਰਜ਼ ਯੂਨੀਅਨ ਵੱਲੋਂ ਅੱਜ ਇੱਥੇ ਸੈਕਟਰ 9 ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕਮੇਟੀ ਦੇ ਪੈਟਰਨ ਸ਼ਾਮ ਲਾਲ ਘਾਵਰੀ, ਪ੍ਰਧਾਨ ਸਤਿੰਦਰ ਸਿੰਘ ਤੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਯੂਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੌਕ ਗਾਰਡਨ, ਝੀਲ ਅਤੇ ਪਬਲਿਕ ਹੈਲਥ ਸਰਕਲ ਵਿੱਚੋਂ ਨੌਕਰੀ ਤੋਂ ਕੱਢੇ ਆਊਟਸੋਰਸਡ ਕਾਮਿਆਂ ਨੂੰ ਮੁੜ ਨੌਕਰੀ ’ਤੇ ਬਹਾਲ ਕੀਤਾ ਜਾਵੇ। ਇਸ ਸਬੰਧ ਵਿੱਚ ਚੀਫ਼ ਇੰਜਨੀਅਰ-ਕਮ-ਸਪੈਸ਼ਲ ਸੈਕਟਰੀ ਇੰਜਨੀਅਰਿੰਗ ਮੁਕੇਸ਼ ਅਨੰਦ ਨੇ ਯੂਨੀਅਨ ਨਾਲ ਮੀਟਿੰਗ ਕਰਕੇ ਕੱਢੇ ਵਰਕਰਾਂ ਨੂੰ ਜਲਦੀ ਹੀ ਨੌਕਰੀ ’ਤੇ ਬਹਾਲ ਕਰਨ ਦਾ ਭਰੋਸਾ ਦਿੱਤਾ। ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਅਧਿਕਾਰੀਆਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਜੇ ਨੌਕਰੀ ਤੋਂ ਕੱਢੇ ਕਾਮਿਆਂ ਨੂੰ ਮੁੜ ਬਹਾਲ ਨਾ ਕੀਤਾ ਤਾਂ ਸਬੰਧਤ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਦੇ ਰੋਸ ਪ੍ਰਦਰਸ਼ਨ ਨੂੰ ਸਤਿੰਦਰ ਸਿੰਘ ਤੇ ਰਾਕੇਸ਼ ਕੁਮਾਰ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਵੀਰ ਸਿੰਘ, ਜਨਰਲ ਸਕੱਤਰ ਰੋਹਿਤ ਕੁਮਾਰ, ਪਬਲਿਕ ਹੈਲਥ ਤੋਂ ਚਰਨਜੀਤ ਸਿੰਘ, ਬਾਗਬਾਨੀ ਤੋਂ ਅਨਿਲ ਕੁਮਾਰ, ਇਲੈਕਟ੍ਰੀਕਲ ਤੋਂ ਕਿਸ਼ੋਰੀ ਲਾਲ ਆਦਿ ਨੇ ਸੰਬੋਧਨ ਕਰਦਿਆਂ ਸਰਕਾਰੀ ਅਦਾਰਿਆਂ ਵਿੱਚ ਨਵੀਂ ਭਰਤੀ ’ਤੇ ਰੋਕ ਲਾਉਣ ਬਾਰੇ ਕੇਂਦਰ ਸਰਕਾਰ ਦੇ ਫੈਸਲੇ ਦੀ ਨਿੰਦਾ ਕੀਤੀ।