ਜਗਜੀਤ ਕੁਮਾਰ
ਖਮਾਣੋਂ, 14 ਨਵੰਬਰ
ਪ੍ਰਾਈਵੇਟ ਸਕੂਲ ਬੱਸ ਅਪਰੇਟਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦੇ ਸੱਦੇ ’ਤੇ ਲੁਧਿਆਣਾ-ਚੰਡੀਗੜ੍ਹ ਰੋਡ ਖਮਾਣੋ ਵਿੱਚ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਅਮਰਾਲਾ ਦੀ ਅਗਵਾਈ ’ਚ ਬੱਸਾਂ ਖੜ੍ਹੀਆਂ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ 2021 ਵਿੱਚ ਸਕੂਲਾਂ ਦੇ ਵਿਹੜਿਆਂ ਵਿੱਚ ਖੜ੍ਹੀਆਂ ਬੱਸਾਂ ਦੇ ਰੋਡ ਟੈਕਸ ਮੁਆਫ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਕ ਸੜਕਾਂ ’ਤੇ ਚੱਲਣ ਵਾਲੀਆਂ ਬੱਸਾਂ ਦਾ ਹੀ ਰੋਡ ਟੈਕਸ ਸਰਕਾਰ ਵੱਲੋਂ ਲਿਆ ਜਾਂਦਾ ਹੈ ਪਰ ਪਿਛਲੇ 2 ਸਾਲਾਂ ਤੋਂ ਸਕੂਲਾਂ ਵਿੱਚ ਖੜ੍ਹੀਆਂ ਬੱਸਾਂ ਦਾ ਸਰਕਾਰ ਜ਼ਬਰਦਸਤੀ ਰੋਡ ਟੈਕਸ ਭਰਵਾਉਣ ਲਈ ਮਜਬੂਰ ਕਰ ਰਹੀ ਹੈ ਜਿਸ ਕਾਰਨ ਸਕੂਲ ਬੱਸ ਆਪਰੇਟਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਦਿਲਬਾਗ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜੇ ਸਰਕਾਰ ਨੇ ਹੁਣ ਵੀ ਪ੍ਰਾਈਵੇਟ ਸਕੂਲ ਬੱਸ ਅਪਰੇਟਰਾਂ ਦੀ ਡੁੱਬਦੀ ਬੇੜੀ ਨੂੰ ਨਾ ਬਚਾਇਆ ਤਾਂ ਪੂਰੇ ਪੰਜਾਬ ਅੰਦਰ ਪ੍ਰਮੁੱਖ ਸੜਕਾਂ ’ਤੇ ਬੱਸਾਂ ਨੂੰ ਖੜ੍ਹੀਆਂ ਕਰਕੇ ਸੜਕਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।ਬੱਸ ਅਪਰੇਟਰਾਂ ਤੋਂ ਇਲਾਵਾ ਇਨ੍ਹਾਂ ਬੱਸਾਂ ’ਤੇ ਡਰਾਈਵਿੰਗ ਕਰਨ ਵਾਲੇ ਡਰਾਈਵਰਾਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਵੀ ਪਿਛਲੇ 2 ਸਾਲਾਂ ਤੋਂ ਆਪਣੇ ਘਰਾਂ ਵਿੱਚ ਬੈਠੇ ਹਨ। ਉਨ੍ਹਾਂ ਦੀ ਵੀ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ। ਇਸ ਮੌਕੇ ਗੁਰਜੀਤ ਸਿੰਘ, ਦਵਿੰਦਰਪਾਲ ਸਿੰਘ ਮਾਨਪੁਰ, ਸਤਨਾਮ ਸਿੰਘ ਖੰਟ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਭਾਮੀਆਂ, ਪਰਮਿੰਦਰ ਸਿੰਘ ਸਿੱਧੂਪੁਰ, ਤਲਵਿੰਦਰ ਸਿੰਘ ਸੋਨੀ,ਪਰਮਿੰਦਰ ਸਿੰਘ ਸਿੱਧੂ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਕਕਰਾਲਾ, ਅੰਮ੍ਰਿਤਪਾਲ ਸਿੰਘ ਹਵਾਰਾ, ਪਰਵਿੰਦਰ ਸਿੰਘ, ਅਵਤਾਰ ਸਿੰਘ ਖਮਾਣੋਂ, ਰਘਬੀਰ ਸਿੰਘ ਰਿਆ ਆਦਿ ਹਾਜ਼ਰ ਸਨ।