ਪੱਤਰ ਪ੍ਰੇਰਕ
ਖਰੜ, 21 ਜੂਨ
ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਜਾਇਦਾਦ ਦੀ ਵਿੱਕਰੀ ਸਮੇਂ ਰਜਿਸਟਰੇਸ਼ਨ ਲਈ ਐਨਓਸੀ ਜ਼ਰੂਰੀ ਕਰ ਦੇਣ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅੱਜ ਇਥੋਂ ਦੇ ਬਿਲਡਰਾਂ, ਕਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਨੇ ਖਰੜ ਦੀ ਤਹਿਸੀਲ ਦਾ ਗੇਟ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਐਨਓਸੀ ਦੀ ਸ਼ਰਤ ਤੁਰੰਤ ਵਾਪਸ ਲਵੇ। ਇਸ ਸਬੰਧੀ ਉਨ੍ਹਾਂ ਵੱਲੋਂ ਖਰੜ ਦੇ ਐੱਸਡੀਐੱਮ ਰਾਹੀਂ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਰਜਿਸਟਰੀ ਕਰਵਾਉਣ ਸਮੇਂ ਐਨਓਸੀ ਦੀ ਸ਼ਰਤ ਹਟਾਈ ਜਾਵੇ ਤੇ ਅਣਅਧਿਕਾਰਤ ਕਲੋਨੀਆਂ ਨੂੰ ਵਨ ਟਾਈਮ ਸੈਟਲਮੈਂਟ ਦੀ ਸੋਧ ਦਿੱਤੀ ਜਾਵੇ। ਪ੍ਰਾਪਰਟੀ ਐਸੋਸੀਏਸ਼ਨ ਖਰੜ ਦੇ ਚੀਫ ਪੈਟਰਨ ਹਰਮਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਜ਼ਿਆਦਾਤਰ ਜਾਇਦਾਦਾਂ ਦੇ ਨਕਸ਼ੇ ਪਾਸ ਹਨ ਜਾਂ ਕਲੋਨੀਆਂ ਮਨਜ਼ੂਰ ਹਨ ਪਰ ਫਿਰ ਵੀ ਇਨ੍ਹਾਂ ਲਈ ਐਨਓਸੀ ਦੀ ਸ਼ਰਤ ਰੱਖੀ ਗਈ ਹੈ। ਜਦੋਂ ਨਕਸ਼ਾ ਪਾਸ ਹੋ ਚੁੱਕਿਆ ਹੈ ਫਿਰ ਐਨਓਸੀ ਦੀ ਮੰਗ ਕਿਉਂ ਕੀਤੀ ਜਾਂਦੀ ਹੈ। ਪ੍ਰਦਰਸ਼ਨ ਮਗਰੋਂ ਉਨ੍ਹਾਂ ਐੱਸਡੀਐੱਮ ਨਾਲ ਮੁਲਾਕਾਤ ਕੀਤੀ ਤੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ।