ਕਰਮਜੀਤ ਸਿੰਘ ਚਿੱਲਾ
ਬਨੂੜ, 10 ਜੂਨ
ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਅੱਜ ਬਨੂੜ ਦੇ ਹਸਪਤਾਲ ਸਾਹਮਣੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸਿਹਤ ਵਿਭਾਗ ਵੱਲੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦਾ ਕੋਵਿਡ ਭੱਤਾ ਬੰਦ ਕਰਨ ਲਈ ਭੇਜੇ ਪੱਤਰ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਆਸ਼ਾ ਵਰਕਰਾਂ ਨੇ 17 ਜੂਨ ਨੂੰ ਸੰਗਰੂਰ ਵਿੱਚ ਸੂਬਾ ਪੱਧਰੀ ਰੈਲੀ ਦਾ ਵੀ ਐਲਾਨ ਕੀਤਾ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਰੁਪਿੰਦਰ ਕੌਰ ਮੁਠਿਆੜਾਂ, ਪਰਮਜੀਤ ਕੌਰ ਕਰਾਲੀ, ਜਸਪਾਲ ਕੌਰ ਖਾਸਪੁਰ, ਤੇਜਿੰਦਰ ਕੌਰ ਬੁੱਢਣਪੁਰ, ਗੁਰਮੀਤ ਕੌਰ ਬੂਟਾਸਿੰਘ ਵਾਲਾ, ਅਨੁਰਾਧਾ ਖਿਜ਼ਰਗੜ੍ਹ ਅਤੇ ਕੁਲਦੀਪ ਕੌਰ ਜੰਗਪੁਰਾ ਨੇ ਆਖਿਆ ਕਿ ਇੱਕ ਪਾਸੇ ਵਿਸ਼ਵ ਸਿਹਤ ਸੰਗਠਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਸ਼ਾ ਵਰਕਰਾਂ ਵੱਲੋਂ ਕੋਵਿਡ ਮਹਾਮਾਰੀ ਦੌਰਾਨ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਗਈ, ਪਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਮਿਲਦਾ 2500 ਰੁਪਏ ਦਾ ਕੋਵਿਡ ਭੱਤਾ ਬੰਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਆਸ਼ਾ ਵਰਕਰਾਂ ਕੋਲੋਂ ਕੋਵਿਡ ਦਾ ਕੰਮ ਨਿਰੰਤਰ ਲਿਆ ਜਾ ਰਿਹਾ ਹੈ, ਕੋਵਿਡ ਟੈਸਟਿੰਗ, ਰਿਪੋਰਟਾਂ, ਟੀਕਾਕਰਨ ਲਈ ਆਸ਼ਾ ਵਰਕਰਾਂ ਦੀ ਡਿਊਟੀ ਲਗਾਈ ਜਾ ਰਹੀ ਹੈ ਤਾਂ ਕੋਵਿਡ ਭੱਤਾ ਬੰਦ ਕਰਨ ਦੀ ਕੋਈ ਤੁਕ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਕੋਵਿਡ ਮਹਾਮਾਰੀ ਖ਼ਤਮ ਨਹੀਂ ਹੁੰਦੀ, ਕੋਵਿਡ ਭੱਤਾ ਜਾਰੀ ਰੱਖਿਆ ਜਾਵੇ। ਉਨ੍ਹਾਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕੋਵਿਡ ਦੇ ਕੰਮ ਦਾ ਬਾਈਕਾਟ ਕਰਨ ਅਤੇ ਸੂਬਾ ਪੱਧਰ ਉੱਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ।