ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਅਗਸਤ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਪੰਜਾਬ ਐਗਰੀਕਲਚਰ (ਗਰੁੱਪ-ਏ) ਸਰਵਿਸਿਜ਼ ਰੂਲਜ਼ 2013 ਦੀ ਅਣਦੇਖੀ ਕਰਕੇ ਹੇਠਲੇ ਕਾਡਰ ਦੀਆਂ ਉੱਪਰਲੇ ਕਾਡਰ ਵਿੱਚ ਕੀਤੀਆਂ ਗਈਆਂ ਗ਼ੈਰ-ਨਿਯਮਤ ਬਦਲੀਆਂ ਕਾਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਸਖ਼ਤ ਪ੍ਰੀਖਿਆ ਪਾਸ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ’ਤੇ ਘੱਟ ਯੋਗਤਾ ਵਾਲੇ ਖੇਤੀਬਾੜੀ ਵਿਸਥਾਰ ਅਫ਼ਸਰਾਂ ਨੂੰ ਲਗਾਇਆ ਗਿਆ ਹੈ। ਜਿਸ ਕਾਰਨ ਪੰਜਾਬ ਦੇ ਸਮੂਹ ਖੇਤੀ ਟੈਕਨੋਕਰੇਟਸ (ਖੇਤੀਬਾੜੀ/ਬਾਗਬਾਨੀ ਵਿਕਾਸ ਅਫ਼ਸਰ, ਬਲਾਕ ਖੇਤੀਬਾੜੀ ਅਫ਼ਸਰ, ਡਿਪਟੀ ਡਾਇਰੈਕਟਰ, ਸੰਯੁਕਤ ਡਾਇਰੈਕਟਰ) ਨੇ ਸੋਮਵਾਰ ਨੂੰ ਸਮੂਹਿਕ ਛੁੱਟੀ ਲੈ ਕੇ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਮੁਹਾਲੀ ਸਥਿਤ ਖੇਤੀ ਭਵਨ ਦੇ ਬਾਹਰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਅਗਵਾਈ ਪਲਾਂਟ ਡਾਕਟਰਜ਼ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਸੰਧੂ ਨੇ ਕੀਤੀ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਖੇਤੀ ਅਫ਼ਸਰਾਂ ਨੇ ਵੇਰਕਾ ਮਿਲਕ ਪਲਾਂਟ ਤੋਂ ਮਨੁੱਖੀ ਚੇਨ ਬਣਾ ਕੇ ਡਾਇਰੈਕਟਰ ਦਫ਼ਤਰ ਤੱਕ ਸ਼ਾਂਤਮਈ ਪੈਦਲ ਮਾਰਚ ਕੀਤਾ ਅਤੇ ਸਰਕਾਰ ਨੂੰ ਆਪਣੀਆਂ ਡਿਗਰੀਆਂ ਮੋੜ ਕੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ਦੇ ਇਸ਼ਤਿਹਾਰ ਅਤੇ ਸਰਵਿਸ ਰੂਲਜ਼ 2013 ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਸੰਧੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸੇ ਦੌਰਾਨ ਸੰਯੁਕਤ ਡਾਇਰੈਕਟਰ ਨੇ ਉਪ ਸਕੱਤਰ ਨੂੰ ਪੱਤਰ ਲਿਖ ਕੇ ਵੱਖੋਵੱਖਰੇ ਕਾਰਡ ਹੋਣ ਦੇ ਬਾਵਜੂਦ ਅਫ਼ਸਰਾਂ ਲਈ ਨਿਰਧਾਰਿਤ ਸਟੇਸ਼ਨਾਂ ’ਤੇ ਵਿਸਥਾਰ ਅਫ਼ਸਰਾਂ ਦੀਆਂ ਕੀਤੀਆਂ ਬਦਲੀਆਂ ਦੇ ਹੁਕਮ ਵਾਪਸ ਲੈਣ ਦੀ ਸ਼ਿਫਾਰਸ਼ ਕੀਤੀ ਹੈ।