ਕੁਲਦੀਪ ਸਿੰਘ
ਚੰਡੀਗੜ੍ਹ, 2 ਸਤੰਬਰ
ਵਿਦਿਆਰਥੀ ਮੰਗਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਵੱਲੋਂ ਅੱਜ ਬਾਅਦ ਦੁਪਹਿਰ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਵਿਚਕਾਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਸੜਕ ਉਤੇ ਆਵਾਜਾਈ ਬੰਦ ਕਰ ਦਿੱਤੀ ਗਈ। ਧਰਨਾਕਾਰੀਆਂ ਨੇ ਵਾਈਸ ਚਾਂਸਲਰ ਤੇ ਪੀ.ਯੂ. ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਪਹੁੰਚੀ ਚੰਡੀਗੜ੍ਹ ਪੁਲੀਸ ਨੇ ਕਈ ਧਰਨਾਕਾਰੀਆਂ ਨੂੰ ਚੁੱਕ ਕੇ ਪੁਲੀਸ ਥਾਣੇ ਪਹੁੰਚਾ ਦਿੱਤਾ ਜਿੱਥੇ ਕੁਝ ਸਮਾਂ ਰੱਖਣ ਉਪਰੰਤ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਜਥੇਬੰਦੀ ਦੇ ਪ੍ਰਧਾਨ ਹਰੀਸ਼ ਗੁੱਜਰ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਈ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਫੀਸਾਂ ਦੇ ਮਾਮਲੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪ੍ਰੰਤੂ ਪੀ.ਯੂ. ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕ ਰਹੀ। ਅਧਿਕਾਰੀਆਂ ਵੱਲੋਂ ਹਰ ਵਾਰ ਜ਼ੁਬਾਨੀ ਵਾਅਦੇ ਕਰਕੇ ਵੀ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਜਿਸ ਕਾਰਨ ਅੱਜ ਉਨ੍ਹਾਂ ਨੂੰ ਪੀ.ਯੂ. ਪ੍ਰਸ਼ਾਸਨ ਦਾ ਧਿਆਨ ਖਿੱਚਣ ਲਈ ਮਜਬੂਰ ਹੋ ਕੇ ਗੇਟ ਨੰਬਰ 2 ਬੰਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਪਹਿਲਾਂ ਤਾਂ ਭਾਵੇਂ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਪ੍ਰੰਤੂ ਜਿਉਂ ਹੀ ਪੁਲੀਸ ਵਿਦਿਆਰਥੀਆਂ ਨੂੰ ਚੁੱਕਣ ਲਈ ਆਈ ਤਾਂ ਡੀ.ਐਸ.ਡਬਲਿਯੂ. ਵੀ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਹਰੀਸ਼ ਗੁੱਜਰ, ਅਜੇ ਸੂਦ, ਜਤਿਨ, ਸੁਖਰਾਜ, ਪਾਰਸ ਸਮੇਤ ਕਈ ਵਿਦਿਆਰਥੀਆਂ ਨੂੰ ਥਾਣੇ ਪਹੁੰਚਾ ਦਿੱਤਾ। ਜਥੇਬੰਦੀ ਦੀ ਸਕੱਤਰ ਪ੍ਰਿਯਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਡੀ.ਐਸ.ਡਬਲਿਯੂ. ਕੋਲ ਮੰਗ ਰੱਖੀ ਕਿ ਜਦੋਂ ਤੱਕ ਵਿਦਿਆਰਥੀਆਂ ਨੂੰ ਕਰੋਨਾ ਦੌਰ ਕਾਰਨ ਫੀਸਾਂ ਮੁਆਫ਼ ਕਰਨ ਸਮੇਤ ਹੋਰ ਮੰਗਾਂ ਮੰਨਣ ਬਾਰੇ ਲਿਖਤੀ ਤੌਰ ’ਤੇ ਭਰੋਸਾ ਨਹੀਂ ਦੇ ਦਿੱਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦੇ ਧਰਨੇ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਲੋੜ ਪੈਣ ’ਤੇ ਏ.ਬੀ.ਵੀ.ਪੀ. ਵੱਲੋਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ ਜਿਸ ਵਿੱਚ ਪੀ.ਯੂ. ਪ੍ਰਸ਼ਾਸਨ ਨੂੰ ਧਿਰ ਬਣਾ ਕੇ ਵਿਦਿਆਰਥੀ ਹੱਕਾਂ ਲਈ ਕੇਸ ਲੜਿਆ ਜਾਵੇਗਾ।