ਸਰਬਜੀਤ ਸਿੰਘ ਭੱਟੀ
ਲਾਲੜੂ, 29 ਜੂਨ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਦੱਪਰ ਟੌਲ ਪਲਾਜ਼ਾ ’ਤੇ ਹਲਕੇ ਦੇ ਲੋਕਾਂ ਨੂੰ ਟੌਲ ਟੈਕਸ ਵਿੱਚ ਛੋਟ ਦੇਣ ਦਾ ਮੁੱਦਾ ਕਾਫੀ ਭਖ ਗਿਆ ਹੈ। ਟੌਲ ਪ੍ਰਬੰਧਕਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਹਲਕੇ ਦੇ ਜ਼ਮੀਨ ਮਾਲਕਾਂ ਨੂੰ ਟੌਲ ਟੈਕਸ ’ਚ ਛੋਟ ਦੇਣਾ ਸ਼ਲਾਘਾਯੋਗ ਹੈ ਪਰ ਇਹ ਛੋਟ ਮਜ਼ਦੂਰ, ਛੋਟੇ ਵਪਾਰੀ, ਮੁਲਾਜ਼ਮ, ਅਨੁਸੂਚਿਤ ਜਾਤੀਆਂ, ਪਛੜੀਆ ਸ਼੍ਰੇਣੀਆਂ ਨਾਲ ਸਬੰਧਤ ਵਿਅਕਤੀਆਂ ਸਮੇਤ ਸਮੁੱਚੇ ਹਲਕਾ ਵਾਸੀਆਂ ਨੂੰ ਆਧਾਰ ਕਾਰਡ ਦੇ ਆਧਾਰ ’ਤੇ ਦਿੱਤੀ ਜਾਵੇ।
ਸਥਾਨਕ ਕਾਂਗਰਸੀ ਆਗੂ ਜਥੇਦਾਰ ਅਮਰੀਕ ਸਿੰਘ ਮਲਕਪੁਰ ਨੇ ਕਿਹਾ ਕਿ ਜੇਕਰ ਟੌਲ ਪਲਾਜ਼ਾ ਦੇ ਅਧਿਕਾਰੀ ਅਜਿਹਾ ਨਹੀਂ ਕਰਦੇ ਤਾਂ ਇਲਾਕੇ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ, ਸਿਆਸੀ ਅਤੇ ਸਮਾਜਿਕ ਸੰਸਥਾਵਾ ਨੂੰ ਇਕ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਟੌਲ ਪਲਾਜ਼ਾ ਵਿਰੁੱਧ ਇਕ ਸਾਂਝਾ ਪ੍ਰੋਗਰਾਮ ਉਲੀਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਇਲਾਕੇ ਦੇ ਲੋਕਾਂ ਨੂੰ ਨਾਲ ਲਾ ਕੇ ਟੌਲ ਮੁਕਤ ਕਰਾਉਣ ਲਈ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਹੈ, ਜਦੋਂਕਿ ਟੌਲ ਅਧਿਕਾਰੀ ਕਿਸਾਨਾਂ ਨੂੰ ਜ਼ਮੀਨ ਦੀ ਫਰਦ, ਜਮਾਂਬੰਦੀ ਦੇ ਆਧਾਰ ’ਤੇ ਟੌਲ ਵਿੱਚ ਛੋਟ ਦੇ ਕੇ ਕਿਸਾਨ ਅਤੇ ਗੈਰ ਕਿਸਾਨ ਵਿੱਚ ਇਕ ਸਾਜ਼ਿਸ਼ ਤਹਿਤ ਪਾੜਾ ਪਾਉਣਾ ਚਾਹੁੰਦੇ ਹਨ ਅਤੇ ਕਿਸਾਨ ਯੂਨੀਅਨਾਂ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀ ਇਕ ਕੋਝੀ ਚਾਲ ਚੱਲ ਰਹੇ ਹਨ।