ਹਰਜੀਤ ਸਿੰਘ
ਡੇਰਾਬੱਸੀ, 6 ਅਕਤੂਬਰ
ਇੱਥੇ ਨਗਰ ਕੌਂਸਲ ਵੱਲੋਂ ਅੱਜ ਰਾਮਲੀਲਾ ਮੈਦਾਨ ਵਿੱਚ ਰੇਹੜੀਆਂ-ਫੜ੍ਹੀਆਂ ਨਾ ਲੱਗਣ ਤੋਂ ਰੋਹ ਵਿੱਚ ਆਏ ਦਰਜਨਾਂ ਲੋਕਾਂ ਨੇ ਕੌਂਸਲ ਖ਼ਿਲਾਫ਼ ਮੁਜ਼ਾਹਰਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਨਗਰ ਕੌਂਸਲ ਦੇ ਅਧਿਕਾਰੀ ਦੁਕਾਨਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਗਰੀਬਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਮੁਜ਼ਾਹਰਾਕਾਰੀਆਂ ਵਿੱਚ ਵੱਡੀ ਗਿਣਤੀ ਔਰਤਾਂ ਸ਼ਾਮਲ ਸਨ।
ਮੁਜ਼ਹਰਾਕਾਰੀਆਂ ਨੇ ਦੱਸਿਆ ਕਿ ਉਹ ਲੰਘੇ 15 ਸਾਲ ਤੋਂ ਵੱਧ ਸਮੇਂ ਤੋਂ ਇੱਥੇ ਰੇਹੜੀ ਅਤੇ ਫੜ੍ਹੀ ਲਾ ਕੇ ਆਪਣਾ ਅਤੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਉਹ ਰਾਮਲੀਲਾ ਮੈਦਾਨ ਵਿੱਚ ਲਾਈ ਰੇਲਿੰਗ ਦੇ ਅੰਦਰ ਮੰਜੇ ਜਾਂ ਹੇਠਾਂ ਫੜ੍ਹੀ ਲਾ ਕੇ ਸਾਮਾਨ ਵੇਚਦੇ ਹਨ। ਇਸੇ ਤਰ੍ਹਾਂ ਵੱਖ ਵੱਖ ਥਾਵਾਂ ’ਤੇ ਲੋਕ ਰੇਹੜੀਆਂ ਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਰਾਮਲੀਲਾ ਮੈਦਾਨ ਦੇ ਦੁਕਾਨਦਾਰ ਉਨ੍ਹਾਂ ਦਾ ਵਿਰੋਧ ਕਰ ਕੇ ਇੱਥੋਂ ਖਾਲੀ ਕਰਵਾਉਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਹਿਲਾਂ ਵੀ ਕਈਂ ਵਾਰ ਦੁਕਾਨਦਾਰਾਂ ਵੱਲੋਂ ਅਧਿਕਾਰੀਆਂ ਨੂੰ ਥਾਂ ਖਾਲੀ ਕਰਵਾਉਣ ਦੀ ਮੰਗ ਕੀਤੀ ਗਈ ਪਰ ਜਦ ਵੀ ਮਾਮਲਾ ਸਮੇਂ ਸਮੇਂ ਦੇ ਹਲਕਾ ਵਿਧਾਇਕ ਦੇ ਧਿਆਨ ਵਿੱਚ ਪਹੁੰਚਿਆ ਤਾਂ ਉਨ੍ਹਾਂ ਵੱਲੋਂ ਗਰੀਬਾਂ ਦਾ ਪੱਖ ਪੂਰਿਆ ਗਿਆ।
ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਘੇ ਕੱਲ੍ਹ ਦਸਹਿਰਾ ਸੀ ਜਿਸ ਤੋਂ ਬਾਅਦ ਜਦ ਅੱਜ ਸਵੇਰ ਉਹ ਆਪਣੀਆਂ ਫੜ੍ਹੀਆਂ ਅਤੇ ਰੇਹੜੀਆਂ ਲਾਉਣ ਲਈ ਪਹੁੰਚੇ ਤਾਂ ਕੌਂਸਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਥੇ ਲਾਉਣ ਤੋਂ ਰੋਕ ਦਿੱਤਾ। ਉਨ੍ਹਾਂ ਵੱਲੋਂ ਕਾਫੀ ਤਰਲੇ ਕੀਤੇ ਗਏ ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ।
ਇਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਵੱਲੋਂ ਕੌਂਸਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਛੇਤੀ ਇਸ ਮੰਗ ਨੂੰ ਲੈ ਕੇ ਉਹ ਵਿਧਾਇਕ ਨੂੰ ਮਿਲਣਗੇ।
ਜਾਮ ਕਾਰਨ ਰੇਹੜੀ ਵਾਲਿਆਂ ਨੂੰ ਪਾਰਕ ਵਿੱਚ ਥਾਂ ਦਿੱਤੀ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਰੇਹੜੀਆਂ ਕਾਰਨ ਰਾਮਲੀਲਾ ਮੈਦਾਨ ਵਿੱਚ ਲੋਕਾਂ ਨੂੰ ਲੰਘਣ ਵਿੱਚ ਭਾਰੀ ਦਿੱਕਤ ਆਉਂਦੀ ਸੀ। ਇੱਥੇ ਹਰ ਵੇਲੇ ਜਾਮ ਵਰਗਾ ਮਾਹੌਲ ਬਣਿਆ ਰਹਿੰਦਾ ਸੀ। ਪਾਰਕਿੰਗ ਲਈ ਥਾਂ ਨਹੀਂ ਮਿਲਦੀ ਸੀ ਜਿਸ ਨੂੰ ਦੇਖਦਿਆਂ ਅੱਜ ਇੱਥੇ ਰੇਹੜੀ ਫੜ੍ਹੀ ਲੱਗਣੀ ਬੰਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੇਹੜੀ ਫੜੀ ਵਾਲਿਆਂ ਨੂੰ ਟੈਂਕੀ ਵਾਲੇ ਪਾਰਕ ਵਿੱਚ ਥਾਂ ਦਿੱਤੀ ਗਈ ਹੈ ਜਿੱਥੇ ਉਹ ਲਾ ਸਕਦੇ ਹਨ।