ਮੁਕੇਸ਼ ਕੁਮਾਰ
ਚੰਡੀਗੜ੍ਹ, 31 ਅਕਤੂਬਰ
ਫੁੱਟਪਾਥ ਸਾਈਕਲ ਅਤੇ ਰੇਹੜੀ ਫੜ੍ਹੀ ਵਰਕਰਜ਼ ਯੂਨੀਅਨ ਚੰਡੀਗੜ੍ਹ ਦੇ ਬੈਨਰ ਹੇਠ ਸ਼ਹਿਰ ਦੇ ਸਟ੍ਰੀਟ ਵੈਂਡਰਾਂ ਵੱਲੋਂ ਅੱਜ ਇਥੇ ਸੈਕਟਰ 20 ਸਥਿਤ ਮੱਠ ਮੰਦਿਰ ਨੇੜੇ ਪਾਰਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ ਵੈਂਡਰਾਂ ਨੇ ਆਪਣੀਆਂ ਮੰਗ ਨੂੰ ਲੈ ਕੇ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਤੋਂ ਬਾਅਦ ਯੂਨੀਅਨ ਦੇ ਅਹੁਦੇਦਾਰਾਂ ਨੇ ਆਪਣੀਆਂ ਮੰਗ ਨੂੰ ਲੈ ਕੇ ਮੇਅਰ ਸਰਬਜੀਤ ਕੌਰ ਅਤੇ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਨੂੰ ਮੰਗ ਪੱਤਰ ਵੀ ਸੌਂਪਿਆ। ਯੂਨੀਅਨ ਪ੍ਰਧਾਨ ਰਾਮ ਮਿਲਨ ਗੌੜ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਨਿਗਮ ਪ੍ਰਸਾਸ਼ਨ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਮੰਗ ਨੂੰ ਲੈ ਕੇ ਉਨ੍ਹਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਗ੍ਰਿਫਤਾਰੀ ਤੱਕ ਦੇਣ ਲਈ ਮਜਬੂਰ ਹੋਣਗੇ। ਯੂਨੀਅਨ ਦੇ ਪ੍ਰਧਾਨ ਰਾਮ ਮਿਲਣ ਗੌੜ ਨੇ ਦੱਸਿਆ ਕਿ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਟਾਊਨ ਵੈਂਡਿੰਗ ਕਮੇਟੀ (ਟੀਵੀਸੀ) ਦੇ ਮੈਂਬਰਾਂ ਦੀ ਚੋਣ ਬਿਨਾਂ ਰਾਜਸੀ ਦਖ਼ਲ ਤੋਂ ਕੀਤੀ ਜਾਵੇ, ਵੈਂਡਰਾਂ ਨੂੰ ਉਨ੍ਹਾਂ ਦੀ ਪੁਰਾਣੀ ਥਾਂ ਦੇ ਨੇੜੇ ਹੀ ਵੈਂਡਿੰਗ ਜ਼ੋਨ ਵਿੱਚ ਥਾਂ ਦਿੱਤੀ ਜਾਵੇ, ਵੈਂਡਿੰਗ ਜ਼ੋਨਾਂ ਵਿੱਚ ਵੈਂਡਰਾਂ ਲਈ ਬਿਜਲੀ, ਪਾਣੀ, ਪਖਾਨਿਆਂ ਅਤੇ ਪਾਰਕਿੰਗ ਦੀ ਵਿਵਸਥਾ, ਵਿਧਵਾ ਮਹਿਲਾਵਾਂ ਸਮੇਤ ਬਜ਼ੁਰਗ ਅਤੇ ਦਿਵਿਆਂਗ ਵੈਂਡਰਾਂ ਦੀ ਫੀਸ ਮੁਆਫ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਵੈਂਡਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਰੋਸ ਪ੍ਰਦਰਸ਼ਨ ਦੌਰਾਨ ਕੈਲਾਸ਼ ਰਾਓ, ਮਧੁਰ ਸਿੰਘ, ਮੁਕੇਸ਼ ਗਿਰੀ, ਨਵਨੀਤ ਚਾਵਲਾ, ਰਾਜਿੰਦਰ ਪ੍ਰਸਾਦ, ਮਹਿੰਦਰ ਪਾਲ, ਕਸ਼ਯਪ ਅਯੁੱਧਿਆ ਪ੍ਰਸਾਦ ਸਮੇਤ ਹੋਰ ਯੂਨੀਅਨ ਆਗੂ ਅਤੇ ਮੈਂਬਰ ਮੌਜੂਦ ਸਨ।