ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 24 ਫਰਵਰੀ
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਸੀਨੀਅਰ ਆਗੂ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਅਥਾਹ ਵਾਧੇ ਖ਼ਿਲਾਫ਼ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਡਾ. ਮੇਜਰ ਸਿੰਘ ਦੀ ਅਗਵਾਈ ਹੇਠ ਏਡੀਸੀ (ਵਿਕਾਸ) ਰਾਜੀਵ ਗੁਪਤਾ ਨੂੰ ਮੰਗ ਪੱਤਰ ਸੌਂਪਦਿਆਂ ਪੈਟਰੋਲੀਅਮ ਕੀਮਤਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ।
ਇਸ ਮੌਕੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਅਤੇ ਪਾਰਟੀ ਵਰਕਰਾਂ ਨੇ ਰੇਹੜੇ ’ਤੇ ਸਵਾਰ ਹੋ ਕੇ ਸ਼ਹਿਰ ਦੀਆਂ ਸੜਕਾਂ ’ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕੈਪਟਨ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਦੇ ਟੈਕਸ ਅਤੇ ਪੰਜਾਬ ਸਰਕਾਰ ਦੇ ਵੈਟ ਨਾਲ ਪੈਟਰੋਲੀਅਮ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕੀਮਤਾਂ ਨਾ ਘਟਾਈਆਂ ਗਈਆਂ ਤਾਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਬੱਸੀ ਪਠਾਣਾਂ (ਪੱਤਰ ਪ੍ਰੇਰਕ): ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਨੂੰ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਾਮ ਮੰਗ ਪੱਤਰ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਅਤੇ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਦੀ ਅਗਵਾਈ ’ਚ ਫ਼ਤਹਿਗੜ੍ਹ ਸਾਹਿਬ ਦੇ ਏ.ਡੀ.ਸੀ. ਅਨੁਪ੍ਰਿਤਾ ਜੌਹਲ ਨੂੰ ਸੌਂਪਿਆ ਗਿਆ। ਇਸ ਮੌਕੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਤੇਲ ਦੀਆਂ ਕੀਮਤਾਂ ਘਟਾਈਆਂ ਜਾਣ।