ਪੱਤਰ ਪ੍ਰੇਰਕ
ਬਨੂੜ, 5 ਜੂਨ
ਕੌਮੀ ਮਾਰਗ’ਤੇ ਸਥਿਤ ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਬਾਹਰ ਅੱਜ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਪਿਆਂ ਦਾ ਦੋਸ਼ ਲਾਇਆ ਕਿ ਸਕੂਲ ਵੱਲੋਂ ਅਦਾਰੇ ਵਿੱਚ ਬੱਚਿਆਂ ਦੀਆਂ ਕਿਤਾਬਾਂ ਮਹਿੰਗੇ ਰੇਟ ਉੱਤੇ ਖਰੀਦਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ, ਭਾਈ ਬਰਜਿੰਦਰ ਸਿੰਘ ਪਰਵਾਨਾ ਆਦਿ ਦੀ ਅਗਵਾਈ ਹੇਠ ਮਾਪੇ ਸਵੇਰੇ 11 ਵਜੇ ਸਕੂਲ ਦੇ ਬਾਹਰ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ। ਧਰਨੇ ਦਾ ਪਤਾ ਲਗਦਿਆਂ ਹੀ ਥਾਣਾ ਮੁਖੀ ਸੁਭਾਸ਼ ਕੁਮਾਰ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਇਸ ਮਗਰੋਂ ਧਰਨਕਾਰੀਆਂ ਨੇ ਸਾਰਾ ਮਾਮਲਾ ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਧਿਆਨ ਵਿੱਚ ਲਿਆਂਦਾ। ਮੌਕੇ ਤੇ ਪੁੱਜੀ ਸੁਖਬੀਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਸਕੂਲ ਦੇ ਅਹਾਤੇ ਦੇ ਅੰਦਰ ਜਾਕੇ ਸਕੂਲੀ ਕਿਤਾਬਾਂ ਵਾਲੇ ਚਾਰ ਕਮਰਿਆਂ ਨੂੰ ਸੀਲ ਕਰ ਦਿੱਤਾ। ਉਨ੍ਹਾਂ ਆਖਿਆ ਕਿ ਉਹ ਸਮੁੱਚੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪੇ ਜਾਣਗੇ।
ਪ੍ਰਿੰਸੀਪਲ ਨੇ ਦੋਸ਼ ਨਕਾਰੇ
ਸਕੂਲ ਦੀ ਪ੍ਰਿੰਸੀਪਲ ਅਰੁਣਾ ਭਾਰਦਵਾਜ ਨੇ ਦੱਸਿਆ ਕਿ ਕਿਤਾਬਾਂ ਦੀ ਲਿਸਟ ਸਕੂਲ ਦੀ ਵੈਬਸਾਈਟ ਉੱਤੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕਿਸੇ ਉੱਤੇ ਵੀ ਕਿਤਾਬਾਂ ਸਕੂਲ ਵਿੱਚੋਂ ਖਰੀਦਣ ਲਈ ਦਬਾਅ ਨਹੀਂ ਪਾਇਆ ਜਾਂਦਾ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਵਿੱਚ ਸ਼ਾਮਿਲ ਵਧੇਰੇ ਗਿਣਤੀ ਦੇ ਮਾਪੇ ਉਹ ਸਨ ਜਿਨ੍ਹਾਂ ਨੇ ਆਪਣੇ ਬੱਚਿਆਂ ਦੀਆਂ ਕਈਂ ਮਹੀਨਿਆਂ ਤੋਂ ਫ਼ੀਸਾਂ ਵੀ ਨਹੀਂ ਭਰੀਆਂ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਮੰਗ ਉੱਤੇ ਹੀ ਸਕੂਲ ਵਿੱਚ ਕਿਤਾਬਾਂ ਰੱਖੀਆਂ ਗਈਆਂ ਹਨ।