ਬਹਾਦਰਜੀਤ ਸਿੰਘ
ਰੂਪਨਗਰ, 25 ਮਾਰਚ
ਸ਼ਹਿਰ ਵਿੱਚ ਸਥਿਤ ਪਾਵਰ ਕਲੋਨੀ ਦੇ ਜੀਜੀਐੱਸਐੱਸਟੀਪੀ ਮਾਡਲ ਹਾਈ ਸਕੂਲ ਨੂੰ ਰੂਪਨਗਰ ਸ਼ਹਿਰ ਤੋਂ ਤਬਦੀਲ ਕਰਕੇ ਨੂੰਹੋ ਕਲੋਨੀ ਵਿੱਚ ਤਬਦੀਲ ਕਰਨ ਦੇ ਵਿਰੋਧ ਵਿੱਚ ਅੱਜ ਸਕੂਲ ਦੇ ਵਿਦਿਆਰਥੀਆਂ, ਮਾਪਿਆਂ, ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਕਲੋਨੀ ਨਿਵਾਸੀਆਂ ਨੇ ਪਾਵਰ ਕਲੋਨੀ ਤੋਂ ਕੌਂਸਲਰ ਇਕਬਾਲ ਕੌਰ ਮੱਕੜ ਦੇ ਪਤੀ ਅਤੇ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਅਗਵਾਈ ਵਿੱਚ ਰੋਸ ਮੁਜ਼ਾਹਰਾ ਕੀਤਾ।
ਉਨ੍ਹਾਂ ਪੰਜਾਬ ਸਰਕਾਰ ਅਤੇ ਥਰਮਲ ਪਲਾਂਟ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਕੂਲ ਨੂੰ ਇੱਥੋਂ ਤਬਦੀਲ ਨਾ ਕੀਤਾ ਜਾਵੇ। ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਪਿਛਲੇ ਇੱਕ ਸਾਲ ਤੋਂ ਸਰਕਾਰ ਦੇ ਇਸ ਫੈਸਲੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ ਪਰ ਸਰਕਾਰ ਦੇ ਕਿਸੇ ਨੁਮਾਇੰਦੇ ਤੇ ਥਰਮਲ ਪਲਾਂਟ ਦੀ ਮੈਨੇਜਮੈਂਟ ’ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਹਰ ਇੱਕ ਨਾਗਰਿਕ ਨੂੰ ਸਿੱਖਿਆ ਦਾ ਬੁਨਿਆਦੀ ਹੱਕ ਦੇਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਪਾਸੇ ਇਸ ਮਾਡਲ ਸਕੂਲ ਨੂੰ ਉਜਾੜਨ ਲਈ ਜ਼ਿੱਦ ਫੜੀ ਬੈਠੀ ਹੈ।
ਮਾਪਿਆਂ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਨੇ ਪਪਰਾਲਾ, ਛੋਟੀ ਰੈਲੋ ਆਦਿ ਦੇ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਬਹੁਤ ਹੀ ਸਸਤੇ ਭਾਅ ’ਤੇ ਖਰੀਦ ਕੀਤੀ ਹੋਈ ਹੈ ਅਤੇ ਹੁਣ ਸਰਕਾਰ ਇਸ ਕੀਮਤੀ ਜ਼ਮੀਨ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਚਾਹੁੰਦੀ ਹੈ। ਇਸ ਮੌਕੇ ਮਾਪਿਆਂ ਵੱਲੋਂ ਸਕੂਲ ਦੀ ਪ੍ਰਿੰਸੀਪਲ ਅਤੇ ਸਟਾਫ਼ ਦਾ ਘਿਰਾਓ ਕੀਤਾ ਗਿਆ। ਮਾਪਿਆਂ ਨੇ ਇਸ ਮੌਕੇ ਸਕੂਲ ਬਚਾਉ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਜਿਸ ਦੀ ਅਗਵਾਈ ਪਾਵਰ ਕਲੋਨੀ ਦੇ ਕੌਂਸਲਰ ਇਕਬਾਲ ਕੌਰ ਮੱਕੜ ਕਰਨਗੇ।