ਪੱਤਰ ਪ੍ਰੇਰਕ
ਚੰਡੀਗੜ੍ਹ, 23 ਜੂਨ
ਇਲੈਕਟ੍ਰੀਕਲ ਵਰਕਮੈਨ ਯੂਨੀਅਨ ਦੇ ਸੱਦੇ ’ਤੇ ਬਿਜਲੀ ਮੁਲਾਜ਼ਮਾਂ ਨੇ ਅੱਜ 436 ਆਊਟ ਸੋਰਸਡ ਵਰਕਰਾਂ ਦੀ ਹੋਣ ਜਾ ਰਹੀ ਛਾਂਟੀ ਦੇ ਵਿਰੋਧ ਵਿੱਚ ਯੂਟੀ ਸਕੱਤਰੇਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਨੇ ਵਿੱਤ ਸਕੱਤਰ-ਕਮ-ਸਕੱਤਰ ਇੰਜਨੀਅਰਿੰਗ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਵਰਕਰਾਂ ਦੀ ਛਾਂਟੀ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਮੁਲਾਜ਼ਮ ਆਗੂਆਂ ਨੇ ਆਊਟਸੋਰਸਡ ਵਰਕਰਾਂ ਦੀ ਛਾਂਟੀ ਦੀ ਨਿਖੇਧੀ ਕੀਤੀ।
ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐਮਸੀ ਐਂਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ, ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ ਅਤੇ ਜਨਰਲ ਸਕੱਤਰ ਵਰਿੰਦਰ ਬਿਸ਼ਟ ਨੇ ਕਿਹਾ ਕਿ 436 ਵਰਕਰਾਂ ਦੀ ਨੌਕਰੀ ਬਹਾਲੀ ਦਾ ਕੇਸ ਮਨਜ਼ੂਰੀ ਲਈ ਚੀਫ਼ ਇੰਜਨੀਅਰ-ਕਮ-ਸਪੈਸ਼ਲ ਸੈਕਟਰੀ ਇੰਜਨੀਅਰਿੰਗ ਦੇ ਦਫ਼ਤਰ ਵਿੱਚ ਮਹੀਨੇ ਤੋਂ ਪਿਆ ਹੈ, 30 ਜੂਨ ਦੇ ਬਾਅਦ ਟੈਂਡਰ ਖ਼ਤਮ ਹੋ ਜਾਵੇਗਾ ਤੇ ਵਰਕਰ ਨੌਕਰੀ ਤੋਂ ਬਾਹਰ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਜੈੱਮ ਪੋਰਟਲ ਦੇ ਠੇਕੇਦਾਰ ਵਰਕਰਾਂ ਦਾ ਲਗਾਤਾਰ ਆਰਥਿਕ ਸ਼ੋਸ਼ਣ ਕਰ ਰਹੇ ਹਨ ਜਿਸ ਨੂੰ ਰੋਕਣ ਵਿੱਚ ਪ੍ਰਸ਼ਾਸਨ ਨਾਕਾਮ ਰਿਹਾ ਹੈ। ਹੁਣ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ 436 ਆਊਟਸੋਰਸਡ ਵਰਕਰਾਂ ਨੂੰ ਮੁੜ ਬਹਾਲੀ ਕਰਨ ਦੀ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਪਹਿਲੀ ਜੁਲਾਈ ਨੂੰ ਕੰਮ ਛੱਡ ਕੇ ਪ੍ਰਦਰਸ਼ਨ ਕੀਤਾ ਜਾਵੇਗਾ।
ਰੈਲੀ ਨੂੰ ਯਸ਼ਪਾਲ ਸ਼ਰਮਾ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਭਰਤ ਸਿੰਘ ਤੇ ਜਸਪਾਲ ਸਿੰਘ ਨੇ ਵੀ ਸੰਬੋਧਨ ਕੀਤਾ।