ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਅਗਸਤ
ਦੇਸ਼ ਵਿੱਚ ਦਲਿਤਾਂ ਉੱਤੇ ਹੋ ਰਹੇ ਅੱਤਿਆਚਾਰ ਤੇ ਬੇਇਨਸਾਫ਼ੀ ਖ਼ਿਲਾਫ਼ ਅੱਜ ਵੱਖ-ਵੱਖ ਜਥੇਬੰਦੀਆਂ ਨੇ ਰੋਸ ਵਿਖਾਵਾ ਕੀਤਾ ਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਜਥੇਬੰਦੀਆਂ ਦੇ ਮੋਹਰੀ ਆਗੂਆਂ ਨੇ ਡੀਸੀ ਦੀ ਗੈਰਮੌਜੂਦਗੀ ਵਿੱਚ ਐੱਸਡੀਐੱਮ ਸਰਬਜੀਤ ਕੌਰ ਨੂੰ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ। ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਵੀ ਸ਼ਮੂਲੀਅਤ ਕੀਤੀ। ਸਿੱਖ ਆਗੂ ਬਲਜੀਤ ਸਿੰਘ ਖਾਲਸਾ, ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਨਰੇਗਾ ਵਰਕਰਜ਼ ਫਰੰਟ ਦੇ ਆਗੂ ਗੁਰਮੁੱਖ ਸਿੰਘ ਢੋਲਣ ਮਾਜਰਾ ਨੇ ਕਿਹਾ ਕਿ ਲੰਘੇ ਦਿਨੀਂ ਰਾਜਸਥਾਨ ਦੇ ਜ਼ਿਲ੍ਹਾ ਜਲੌਰ ਦੇ ਸਕੂਲ ਵਿੱਚ ਪੜ੍ਹਦੇ ਦਲਿਤ ਵਿਦਿਆਰਥੀ ਦੀ ਅਧਿਆਪਕ ਵੱਲੋਂ ਕਥਿਤ ਕੁੱਟਮਾਰ ਮਗਰੋਂ ਮੌਤ ਹੋਣੀ ਆਜ਼ਾਦ ਭਾਰਤ ਵਿੱਚ ਦਲਿਤਾਂ ’ਤੇ ਜਬਰ ਦੀ ਇੰਤਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਅਧਿਆਪਕ ਵਿਰੁੱਧ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਦਲਿਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਇਸ ਵਰਗ ’ਤੇ ਹੋ ਰਹੇ ਜ਼ੁਲਮ ਰੋਕਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ।