ਮੁਕੇਸ਼ ਕੁਮਾਰ
ਚੰਡੀਗੜ੍ਹ, 5 ਅਗਸਤ
ਚੰਡੀਗੜ੍ਹ ਕਾਂਗਰਸ ਨੇ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਕੇਂਦਰ ਸਰਕਾਰ ਵੱਲੋਂ ਦੁੱਧ ਤੇ ਦਹੀ ਵਰਗੀਆਂ ਖਾਣ-ਪੀਣ ਵਾਲੀਆਂ ਵਸਤਾਂ ਨੂੰ ਗੁੱਡਸ ਐਂਡ ਸਰਵਿਸਿਜ਼ ਟੈਕਸ (ਜੀਐੱਸਟੀ) ਦੇ ਘੇਰੇ ਵਿੱਚ ਲਿਆਉਣ ਖ਼ਿਲਾਫ਼ ਅੱਜ ਇਥੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸੀ ਵਰਕਰਾਂ ਨੇ ਫੌਜ ਵਿੱਚ ਭਰਤੀ ਸਬੰਧੀ ‘ਅਗਨੀਪਥ’ ਸਕੀਮ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਭੰਡਿਆ।
ਰੋਸ ਪ੍ਰਦਰਸ਼ਨ ਲਈ ਤੈਅ ਯੋਜਨਾ ਅਨੁਸਾਰ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਭਾਜਪਾ ਸਰਕਾਰ ਵਿਰੋਧੀ ਨਾਅਰੇ ਲਗਾਉਂਦੇ ਹੋਏ ਪੰਜਾਬ ਰਾਜ ਭਵਨ ਵੱਲ ਕੂਚ ਕੀਤਾ। ਪੁਲੀਸ ਨੇ ਰਾਜ ਭਵਨ ਤੋਂ ਥੋੜ੍ਹੀ ਦੂਰੀ ’ਤੇ ਹੀ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਜਦੋਂ ਕਾਂਗਰਸੀ ਵਰਕਰਾਂ ਨੇ ਬੈਰੀਕੇਡਿੰਗ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਬੱਸਾਂ ਵਿੱਚ ਬਿਠਾ ਕੇ ਸੈਕਟਰ 19 ਥਾਣੇ ਲੈ ਗਈ।
ਇਸ ਮੌਕੇ ਸ੍ਰੀ ਲੱਕੀ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਖਜ਼ਾਨਾ ਭਰਨ ਲਈ ਦੇਸ਼ ਵਿੱਚ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਤੇ ਮਹਿੰਗਾਈ ਕਾਰਨ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਨੀਤੀਆਂ ਅਪਣਾ ਰਹੀ ਹੈ। ਕਾਂਗਰਸੀ ਕਾਰਕੁਨਾਂ ਨੇ ਐਲਾਨ ਕੀਤਾ ਕਿ ਉਹ ਉਦੋਂ ਤੱਕ ਸੜਕਾਂ ’ਤੇ ਮੋਦੀ ਸਰਕਾਰ ਦਾ ਵਿਰੋਧ ਕਰਦੇ ਰਹਿਣਗੇ ਜਦੋਂ ਤੱਕ ਸੰਵਿਧਾਨ ਵਿਰੋਧੀ, ਤਾਨਾਸ਼ਾਹੀ ਅਤੇ ਫੁੱਟ ਪਾਊ ਨੀਤੀਆਂ ਨੂੰ ਵਾਪਸ ਨਹੀਂ ਲਿਆ ਜਾਂਦਾ। ਸ੍ਰੀ ਲੱਕੀ ਨੇ ਕਿਹਾ ਕਿ ਕੁਪੋਸ਼ਣ ਦਾ ਸਾਹਮਣਾ ਕਰ ਰਹੇ 116 ਦੇਸ਼ਾਂ ਵਿੱਚੋਂ ਭਾਰਤ ਦਾ 101ਵਾਂ ਸਥਾਨ ਹੈ। ਉਨ੍ਹਾਂ ਨੇ ਅਗਨੀਪਥ ਯੋਜਨਾ ਬਾਰੇ ਕਿਹਾ ਕਿ ਬਿਨਾਂ ਸੋਚੇ ਸਮਝੇ ਲਿਆਂਦੀ ਗਈ ਇਹ ਯੋਜਨਾ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀ ਹੈ।