ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 18 ਮਈ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਨਜ਼ਦੀਕੀ ਪਿੰਡ ਬਹਿਲੋਲਪੁਰ ਅਤੇ ਝਾਮਪੁਰ ਵਿੱਚ ਤਿੰਨ ਦਰਜਨ ਨਾਜਾਇਜ਼ ਉਸਾਰੀਆਂ ਨੂੰ ਤਹਿਸ-ਨਹਿਸ ਕੀਤਾ ਗਿਆ। ਇਸ ਕਾਰਵਾਈ ਨੂੰ ਗਮਾਡਾ ਦੇ ਜੇਈ ਵਰੁਣ ਕੁਮਾਰ ਦੀ ਅਗਵਾਈ ਵਾਲੀ ਟੀਮ ਅੰਜਾਮ ਦਿੱਤਾ। ਪਿੰਡ ਝਾਮਪੁਰ ਵਿੱਚ ਬਣ ਰਹੀ ਗੁਰੂ ਨਾਨਕ ਕਲੋਨੀ ਅਤੇ ਹੋਰ ਨਵੀਆਂ ਕਲੋਨੀਆਂ ਵਿੱਚ 35 ਨਾਜਾਇਜ਼ ਉਸਾਰੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ।
ਗਮਾਡਾ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਮਾਡਾ ਵੱਲੋਂ ਸਰਕਾਰੀ ਨੇਮਾਂ ਨੂੰ ਛਿੱਕੇ ’ਤੇ ਟੰਗ ਕੇ ਬਣ ਰਹੀਆਂ ਨਾਜਾਇਜ਼ ਕਲੋਨੀਆਂ ਅਤੇ ਅਣ-ਅਧਿਕਾਰਤ ਉਸਾਰੀਆਂ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹਿਲੋਲਪੁਰ ਵਿੱਚ 5 ਅਣ-ਅਧਿਕਾਰਤ ਉਸਾਰੀਆਂ ਅਤੇ ਝਾਮਪੁਰ ਵਿੱਚ ਬਣੀ ਗੁਰੂ ਨਾਨਕ ਕਲੋਨੀ ਅਤੇ ਵੱਖ-ਵੱਖ ਨਵੀਂਆਂ ਕਲੋਨੀਆਂ ਵਿੱਚ ਬਣੀਆਂ 30 ਉਸਾਰੀਆਂ ਨੂੰ ਢਾਹਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਕਲੋਨੀਆਂ ਦੀਆਂ ਸੜਕਾਂ ਪੁੱਟ ਕੇ ਡੂੰਘੇ ਖੱਡੇ ਬਣਾਏ ਗਏ ਅਤੇ ਸੀਵਰੇਜ ਲਾਈਨ ਵੀ ਤਹਿਸ-ਨਹਿਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਹਾਲੀ ਨੇੜਲੇ ਪੇਂਡੂ ਖੇਤਰ ਵਿੱਚ ਸਰਕਾਰੀ ਨੇਮਾਂ ਦੀ ਉਲੰਘਣਾ ਕਰ ਕੇ ਖੇਤਾਂ ਵਿੱਚ ਪਲਾਟ ਕੱਟ ਕੇ ਵੇਚੇ ਜਾ ਰਹੇ ਹਨ। ਇਹੀ ਨਹੀਂ, ਕਈ ਵਿਅਕਤੀਆਂ ਵੱਲੋਂ ਖੇਤਾਂ ਵਿੱਚ ਕਲੋਨੀਆਂ ਕੱਟ ਦਿੱਤੀਆਂ ਗਈਆਂ ਹਨ, ਜਿਸ ਬਾਰੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ।
ਅਣਅਧਿਕਾਰਤ ਉਸਾਰੀਆਂ ਕਰਨ ਵਾਲਿਆਂ ਖ਼ਿਲਾਫ਼ ਐੱਸਐੱਸਪੀ ਨੂੰ ਪੱਤਰ ਲਿਖਾਂਗੇ: ਐੱਸਡੀਓ
ਗਮਾਡਾ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਵੀਂ ਕਲੋਨੀਆਂ ਵਿੱਚ ਅਣਅਧਿਕਾਰਤ ਉਸਾਰੀਆਂ ਕਰਨ ਵਾਲਿਆਂ ਖ਼ਿਲਾਫ਼ ਮੁਹਾਲੀ ਦੇ ਐੱਸਐੱਸਪੀ ਨੂੰ ਪੱਤਰ ਲਿਖਿਆ ਜਾਵੇਗਾ ਅਤੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਵੀ ਗਮਾਡਾ ਦੀ ਸ਼ਿਕਾਇਤ ’ਤੇ 48 ਤੋਂ ਵੱਧ ਬਿਲਡਰਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਵਾਈ ਗਈ ਸੀ।