ਮੁਕੇਸ਼ ਕੁਮਾਰ
ਚੰਡੀਗੜ੍ਹ, 23 ਅਪਰੈਲ
ਚੰਡੀਗੜ੍ਹ ਪ੍ਰਸ਼ਾਸਨ ਦੇ ਮਿਲਖ ਵਿਭਾਗ ਦੇ ਐਨਫੋਰਸਮੈਂਟ ਵਿੰਗ ਨੇ ਇੱਥੇ ਮਨੀਮਾਜਰਾ ਵਿੱਚ ਕਿਸ਼ਨਗੜ੍ਹ ਨੇੜੇ ਲਗਪਗ ਤਿੰਨ ਏਕੜ ਜ਼ਮੀਨ ’ਤੇ ਬਣੀਆਂ ਗ਼ੈਰਕਾਨੂੰਨੀ ਝੁੱਗੀਆਂ ਨੂੰ ਹਟਾ ਦਿੱਤਾ। ਇਸ ਕਾਰਵਾਈ ਦੌਰਾਨ ਪੁਲੀਸ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪ੍ਰਸ਼ਾਸਨ ਦੇ ਤਹਿਸੀਲਦਾਰ ਵਿਨੇ ਚੌਧਰੀ ਦੀ ਅਗਵਾਈ ਹੇਠ ਐਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਅਨਿਲ ਕੁਮਾਰ ਦੀ ਟੀਮ ਨੇ ਇੱਥੇ ਬਣੀਆਂ ਗ਼ੈਰਕਾਨੂੰਨੀ ਝੁੱਗੀਆਂ ਨੂੰ ਢਾਹ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਇੱਥੇ ਇਸ ਨਿੱਜੀ ਜ਼ਮੀਨ ’ਤੇ ਕੁਝ ਲੋਕਾਂ ਨੇ ਗ਼ੈਰਕਾਨੂੰਨੀ ਢੰਗ ਨਾਲ ਝੁੱਗੀਆਂ ਬਣਾ ਕੇ ਕਬਜ਼ਾ ਕੀਤਾ ਹੋਇਆ ਸੀ। ਇਸ ਜ਼ਮੀਨ ਦੇ ਮਾਲਕ ਨੇ ਮਿਲਖ ਵਿਭਾਗ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾ ਕੇ ਉਨ੍ਹਾਂ ਦੀ ਜ਼ਮੀਨ ਤੋਂ ਕਬਜ਼ੇ ਹਟਵਾਉਣ ਲਈ ਬੇਨਤੀ ਕੀਤੀ ਸੀ। ਮਿਲਖ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਦੇ ਆਦੇਸ਼ ’ਤੇ ਇਹ ਕਾਰਵਾਈ ਕੀਤੀ। ਐੱਸਡੀਐੱਮ (ਪੂਰਬੀ) ਨਿਤੀਸ਼ ਸਿੰਗਲਾ ਦੀ ਅਗਵਾਈ ਹੇਠ ਮਿਲਖ ਵਿਭਾਗ ਦੇ ਐਨਫੋਰਸਮੈਂਟ ਵਿੰਗ ਨੇ ਇੱਥੇ ਗੈਰ-ਕਾਨੂੰਨੀ ਢੰਗ ਨਾਲ ਬਣੀਆਂ ਲਗਪਗ ਦੋ ਸੌ ਝੁੱਗੀਆਂ ਨੂੰ ਢਹਿ-ਢੇਰੀ ਕਰ ਦਿੱਤਾ ਜਿਸ ਤੋਂ ਬਾਅਦ ਇੱਥੇ ਚੁਫੇਰੇ ਕੰਡਿਆਲੀ ਤਾਰ ਲਾ ਦਿੱਤੀ ਗਈ ਤਾਂ ਕਿ ਮੁੜ ਇੱਥੇ ਕੋਈ ਕਬਜ਼ਾ ਨਾ ਕਰ ਸਕੇ। ਐੱਸਡੀਐੱਮ ਸ੍ਰੀ ਸਿੰਗਲਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਕਿਸ਼ਨਗੜ੍ਹ ਵਿੱਚ ਲਾਲ ਡੋਰੇ ਤੋਂ ਬਾਹਰ ਗ਼ੈਰਕਾਨੂੰਨੀ ਉਸਾਰੀਆਂ ਅਤੇ ਬਿਨਾਂ ਪ੍ਰਵਾਨਗੀ ਤੋਂ ਗੈਰ-ਕਾਨੂੰਨੀ ਢੰਗ ਨਾਲ ਇੱਥੇ ਬਣੀਆਂ ਬਹੁਮੰਜ਼ਿਲਾ ਇਮਾਰਤਾਂ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਕਿਸ਼ਨਗੜ੍ਹ ਵਿੱਚ ਅਜਿਹੀਆਂ ਬਹੁਮੰਜ਼ਿਲਾ ਇਮਾਰਤਾਂ ਅਤੇ ਲਾਲ ਡੋਰੇ ਤੋਂ ਬਾਹਰ ਕੀਤੀਆਂ ਗਈਆਂ ਗ਼ੈਰਕਾਨੂੰਨੀ ਉਸਾਰੀਆਂ ਨੂੰ ਤੋੜਨ ਲਈ ਮੁਹਿੰਮ ਚਲਾਉਣ ਲਈ ਡੀਸੀ ਵਿਨੇ ਪ੍ਰਤਾਪ ਸਿੰਘ ਨੂੰ ਉਨ੍ਹਾਂ ਦੀ ਲਿਖਤੀ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਲੋੜੀਂਦੀ ਮਨਜ਼ੂਰੀ ਮਿਲਦਿਆਂ ਹੀ ਕਿਸ਼ਨਗੜ੍ਹ ਵਿੱਚ ਬਣੀਆਂ ਗ਼ੈਰਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਜਾਵੇਗਾ।
ਕਲੋਨੀ ਨੰਬਰ 4 ਵਾਸੀ ਆਪਣੇ ਪੱਧਰ ’ਤੇ ਝੁੱਗੀਆਂ ਖਾਲੀ ਕਰਨ ਲੱਗੇ
ਚੰਡੀਗੜ੍ਹ: ਇੱਥੇ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਦਿੱਤੀ ਮੋਹਲਤ ਅੱਜ ਸਮਾਪਤ ਹੋ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਚਿਤਾਵਨੀ ਦੇ ਮੱਦੇਨਜ਼ਰ ਇੱਥੇ ਝੁੱਗੀਆਂ ਵਿੱਚ ਰਹਿ ਰਹੇ ਲੋਕਾਂ ਨੇ ਆਪਣੇ ਪੱਧਰ ’ਤੇ ਝੁੱਗੀਆਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਲੰਘੇ ਦਿਨ ਇੱਥੋਂ ਦੇ ਵਾਸੀਆਂ ਨੇ ਪ੍ਰਸ਼ਾਸਨ ਦੇ ਇਸ ਫ਼ੈਸਲੇ ਖਿਲਾਫ਼ ਕਲੋਨੀ ਦੀ ਨਾਲ ਲੱਗਦੀ ਸੜਕ ਜਾਮ ਕਰ ਕੇ ਧਰਨਾ ਵੀ ਦਿੱਤਾ ਸੀ। ਪ੍ਰਸ਼ਾਸਨ ਵੱਲੋਂ ਮੁੜ ਵਸੇਬਾ ਸਕੀਮ ਤਹਿਤ ਇੱਥੇ ਕਲੋਨੀ ਦੇ ਪਾਤਰ ਵਾਸੀਆਂ ਨੂੰ ਮਲੋਆ ਸਥਿਤ ਮੁੜ ਵਸੇਬਾ ਕਲੋਨੀ ਵਿੱਚ ਫਲੈਟ ਅਲਾਟ ਕਰ ਦਿੱਤੇ ਗਏ ਹਨ ਜਿਸ ਤੋਂ ਬਾਅਦ ਇੱਥੇ ਨਾਜਾਇਜ਼ ਤੌਰ ’ਤੇ ਰਹਿ ਰਹੇ ਕਲੋਨੀ ਵਾਸੀਆਂ ਨੂੰ ਇਹ ਥਾਂ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। -ਖੇਤਰੀ ਪ੍ਰਤੀਨਿਧ