ਹਰਜੀਤ ਸਿੰਘ
ਜ਼ੀਰਕਪੁਰ, 6 ਅਪਰੈਲ
ਇੱਥੋਂ ਦੇ ਬਲਟਾਣਾ ਖੇਤਰ ਵਿੱਚ ਪੈਂਦੇ ਰਵਿੰਦਰਾ ਐਨਕਲੇਵ ਵਿੱਚ ਪੈਂਦੀ ਇੱਕ ਮਸਜਿਦ ਨੂੰ ਕਲੋਨੀ ਵਾਸੀ ਹਿੰਦੂ ਭਾਈਚਾਰੇ ਦੇ ਕੁਝ ਲੋਕਾਂ ਨੇ ਇੱਥੋਂ ਤਬਦੀਲ ਕਰਨ ਦੀ ਮੰਗ ਕੀਤੀ ਹੈ। ਅੱਜ ਕੁਝ ਲੋਕਾਂ ਨੇ ਬਲਟਾਣਾ ਪੁਲੀਸ ਚੌਕੀ ਦੇ ਬਾਹਰ ਧਰਨਾ ਦਿੱਤਾ।
ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਅਤੇ ਬਲਟਾਣਾ ਪੁਲੀਸ ਚੌਕੀ ਇੰਚਾਰਜ ਸਹਾਇਕ ਇੰਸਪੈਕਟਰ ਬਰਮਾ ਸਿੰਘ ਨੇ ਲੋਕਾਂ ਨੂੰ ਸਮਝਾ ਕੇ ਰਮਜ਼ਾਨ ਦੇ ਮਹੀਨੇ ਤੱਕ ਇਸ ਮਾਮਲੇ ’ਤੇ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ ਤੇ ਇਸ ਮਗਰੋਂ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਰਵਿੰਦਰਾ ਐਨਕਲੇਵ ਦੇ ਕੁਝ ਵਸਨੀਕਾਂ ਨੇ ਦੱਸਿਆ ਕਿ ਕਲੋਨੀ ਦੇ ਬਾਹਰ ਇੱਕ ਸ਼ੋਅਰੂਮ ਸਥਿਤ ਹੈ ਜਿੱਥੇ ਕੁਝ ਮੁਸਲਿਮ ਲੋਕਾਂ ਵੱਲੋਂ ਬੋਰਡ ਲਾ ਕੇ ਮਸਜਿਦ ਬਣਾ ਲਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਥੇ ਉੱਚੀ ਆਵਾਜ਼ ਵਿੱਚ ਸਪੀਕਰ ਚਲਾਏ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਲੰਘੇ ਸੱਤ ਸਾਲਾਂ ਤੋਂ ਮਸਜਿਦ ਚੱਲ ਰਹੀ ਹੈ। ਉਹ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਦੇ ਸਗੋਂ ਇੱਥੇ ਨਮਾਜ਼ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਹਦਾਇਤ ’ਤੇ ਸਪੀਕਰ ਦੀ ਆਵਾਜ਼ ਘੱਟ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣਬੁੱਝ ਕੇ ਝੂਠੇ ਦੋਸ਼ ਲਾ ਰਹੇ ਹਨ।
ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਅਪੀਲ
ਥਾਣਾ ਮੁਖੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਵਿਰੋਧ ਕਰ ਰਹੇ ਕੁਝ ਲੋਕਾਂ ਦੀ ਮੰਗ ਮੁਤਾਬਕ ਮਸਜਿਦ ਦੇ ਬਾਹਰੋਂ ਇੱਕ ਸਪੀਕਰ ਉਤਾਰਨ ਅਤੇ ਆਵਾਜ਼ ਘੱਟ ਰੱਖਣ ਲਈ ਕਿਹਾ ਗਿਆ ਹੈ ਜਦਕਿ ਮਸਜਿਦ ਦੇ ਬਾਹਰ ਪਾਰਕਿੰਗ ਦੀ ਸਮੱਸਿਆ ਦਾ ਹੱਲ ਕਰਨ ਲਈ ਵੀ ਆਖਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ।