ਪੱਤਰ ਪ੍ਰੇਰਕ
ਬਨੂੜ, 28 ਅਗਸਤ
ਕੁੱਲ ਹਿੰਦ ਕਿਸਾਨ ਸਭਾ ਦੀ ਇਕੱਤਰਤਾ ਪਿੰਡ ਕਰਾਲਾ ਵਿਖੇ ਕੁਲਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਨੂੰ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਦੱਪਰ, ਡੇਰਾਬੱਸੀ ਤਹਿਸੀਲ ਦੇ ਪ੍ਰਧਾਨ ਸ਼ੇਰ ਸਿੰਘ ਬੜਾਣਾ, ਅਵਤਾਰ ਸਿੰਘ ਦੱਪਰ ਅਤੇ ਜਰਨੈਲ ਸਿੰਘ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਰਾਜ ਸਰਕਾਰਾਂ ਦੀ ਕਿਸਾਨ ਅਤੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਬੇਰੁਖੀ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਪਾਸ ਕੀਤੇ ਮਤਿਆਂ ਵਿੱਚ ਕੇਂਦਰ ਸਰਕਾਰ ਕੋਲੋਂ ਐੱਮਐੱਸਪੀ ਗਾਰੰਟੀ ਬਿਲ ਤੁਰੰਤ ਪਾਸ ਕਰਨ, ਲਖਮੀਪੁਰ ਖੀਰੀ ਘਟਨਾ ਲਈ ਜ਼ਿੰਮੇਵਾਰ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚ ਬਰਖਾਸਤ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਬਨੂੜ ਨਹਿਰ ਤੋਂ ਪਿੰਡਾਂ ਨੂੰ ਖੇਤੀਬਾੜੀ ਲਈ ਨਿਰੰਤਰ ਪਾਣੀ ਮੁਹੱਈਆ ਕਰਾਉਣ, ਨਹਿਰ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਾਉਣ, ਭਾਰਤ ਮਾਲਾ ਪ੍ਰਾਜੈਕਟ ਅਧੀਨ ਗ੍ਰਹਿਣ ਕੀਤੀ ਜਾਣ ਵਾਲੀ ਜ਼ਮੀਨ ਦੀ ਮਾਰਕੀਟ ਅਨੁਸਾਰ ਪੂਰੀ ਕੀਮਤ ਦੇਣ, ਅਜ਼ੀਜ਼ਪੁਰ ਟੌਲ ਪਲਾਜ਼ੇ ਦੇ ਆਲੇ ਦੁਆਲੇ ਦੇ ਵੀਹ ਕਿਲੋਮੀਟਰ ਦੇ ਪਿੰਡਾਂ ਦੇ ਵਸਨੀਕਾਂ ਨੂੰ ਟੌਲ ਪਰਚੀ ਤੋਂ ਛੋਟ ਦੇਣ ਦੀ ਮੰਗ ਕੀਤੀ ਗਈ।