ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 14 ਸਤੰਬਰ
ਇਲਾਕਾ ਵਾਸੀਆਂ ਨੇ ਡੇਰਾਬੱਸੀ ਤੋਂ ਚੱਲਣ ਵਾਲੀ ਸੀਟੀਯੂ ਬੱਸ ਦੇ ਤੜਕੇ 6 ਵੱਜ ਕੇ 40 ਮਿੰਟ ਅਤੇ ਸੱਤ ਵਜੇ ਦੇ ਰੂਟ ਵਧਾਉਣ ਦੀ ਮੰਗ ਕੀਤੀ ਹੈ। ਲੋਕਾਂ ਨੇ ਦੱਸਿਆ ਕਿ ਸਵੇਰ ਵੇਲੇ ਸਵਾਰੀਆਂ ਵੱਧ ਹੁੰਦੀਆਂ ਹਨ ਜਦਕਿ ਬੱਸਾਂ ਦੇ ਰੂਟ ਘੱਟ ਹਨ ਜਿਸ ਕਾਰਨ ਚੰਡੀਗੜ੍ਹ ਜਾਣ ਵਾਲੀ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਨ੍ਹਾਂ ਵਿੱਚ ਵੱਧ ਗਿਣਤੀ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਜਾਣ ਵਾਲੇ ਮਰੀਜ਼ਾਂ ਅਤੇ ਵਿਦਿਆਰਥੀਆਂ ਦੀ ਹੈ। ਲੋਕਾਂ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੋਂ ਬੱਸਾਂ ਦੇ ਰੂਟ ਵਧਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਸੀਟੀਯੂ ਬੱਸ ਦੇ ਡੇਰਾਬੱਸੀ ਬੱਸ ਸਟੈਂਡ ਤੋਂ ਹਰੇਕ ਵੀਹ ਮਿੰਟ ਬਾਅਦ ਇੱਕ ਰੂਟ ਚੱਲਦਾ ਹੈ ਪਰ ਤੜਕੇ 6.40 ਤੋਂ ਲੈ ਕੇ ਸੱਤ ਵਜੇ ਤੱਕ ਚੰਡੀਗੜ੍ਹ ਜਾਣ ਵਾਲੀ ਸਵਾਰੀਆਂ ਦੀ ਤਾਦਾਤ ਕਾਫੀ ਵੱਧ ਹੁੰਦੀ ਹੈ ਜੋ ਇਨ੍ਹਾਂ ਦੋਵਾਂ ਬੱਸਾਂ ਵਿੱਚ ਪੂਰੀ ਨਹੀਂ ਆਉਂਦੀ। ਜਾਣਕਾਰੀ ਅਨੁਸਾਰ ਸਵੇਰੇ ਚੰਡੀਗੜ੍ਹ ਪੜ੍ਹਨ ਵਾਲੇ ਵਿਦਿਆਰਥੀਆਂ ਤੇ ਮਰੀਜ਼ਾਂ ਨੂੰ ਨੌਂ ਵਜੇ ਪਹੁੰਚਣਾ ਹੁੰਦਾ ਹੈ ਜੋ ਇਸੇ ਸਮੇਂ ਸਟੈਂਡ ਤੋਂ ਬੱਸ ਫੜਦੇ ਹਨ ਪਰ ਸਵਾਰੀਆਂ ਵੱਧ ਹੋਣ ਕਾਰਨ ਬੱਸਾਂ ਭਰ ਜਾਂਦੀਆਂ ਹਨ ਜਿਸ ਕਾਰਨ ਮਰੀਜ਼ਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਵਿੱਚ ਥਾਂ ਨਹੀਂ ਮਿਲਦੀ।
ਇਸ ਬਾਰੇ ਰੋਸ ਜ਼ਾਹਰ ਕਰਦਿਆਂ ਪਿੰਡ ਜਵਾਹਰਪੁਰ ਦੇ ਵਸਨੀਕ ਜੋਗਾ ਸਿੰਘ, ਸੁਖਜਿੰਦਰ ਸਿੰਘ, ਅਵਤਾਰ ਸਿੰਘ, ਪ੍ਰੀਤਮ ਸਿੰਘ ਸਣੇ ਹੋਰਨਾਂ ਵਿੱਚ ਅਸ਼ਿਵੰਦਰ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ ਗੁਰਮੇਲ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ 6 ਵੱਜ ਕੇ 40 ਮਿੰਟ ਤੋਂ ਲੈ ਕੇ ਸੱਤ ਵਜੇ ਤੱਕ ਉਹ ਚੰਡੀਗੜ੍ਹ ਪੜ੍ਹਨ ਵਾਲੇ ਬੱਚਿਆਂ ਨੂੰ ਬੱਸ ਚੜ੍ਹਾਉਣ ਲਈ ਜਾਂਦੇ ਹਨ ਪਰ ਪਹਿਲਾਂ ਹੀ ਬੱਸ ਭਰੀ ਹੁੰਦੀ ਹੈ ਜਿਸ ਕਾਰਨ ਬੱਚਿਆਂ ਨੂੰ ਥਾਂ ਨਹੀਂ ਮਿਲਦੀ। ਇਸ ਕਾਰਨ ਬੱਚੇ ਲੇਟ ਹੋ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਸਵੇਰ ਇਸ ਸਮੇਂ ਦੌਰਾਨ ਦੋ ਬੱਸਾਂ ਦੇ ਹੋਰ ਰੂਟ ਚਾਲੂ ਕੀਤੇ ਜਾਣ ਤਾਂ ਜੋ ਬੱਚਿਆਂ ਅਤੇ ਮਰੀਜ਼ਾਂ ਨੂੰ ਦਿੱਕਤ ਨਾ ਝੱਲਣੀ ਪਏ।
ਅਧਿਕਾਰੀਆਂ ਨਾਲ ਗੱਲ ਕਰ ਕੇ ਰੂਟ ਚਾਲੂ ਕਰਾਵਾਂਗੇ: ਵਿਧਾਇਕ ਰੰਧਾਵਾ
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਸਬੰਧੀ ਸੀਟੀਯੂ ਦੇ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰ ਕੇ ਬੱਸਾਂ ਦੇ ਰੂਟ ਚਾਲੂ ਕਰਵਾਏ ਜਾਣਗੇ।