ਪੱਤਰ ਪ੍ਰੇਰਕ
ਬਨੂੜ, 14 ਅਕਤੂਬਰ
ਇੱਥੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਚਿਤਕਾਰਾ ਯੂਨੀਵਰਸਿਟੀ ਨੇੜੇ ਪੈਂਦੇ ਵਿਵਾਦਗ੍ਰਸਤ ਸਤਲੁਜ-ਯਮੁਨਾ ਲਿੰਕ ਨਹਿਰ ਦੇ ਪੁਲ ’ਤੇ ਅੱਜ ਇਸ ਖੇਤਰ ਦੇ ਕਿਸਾਨਾਂ ਨੇ ਇਕੱਤਰਤਾ ਕਰਕੇ ਨਹਿਰ ਨੂੰ ਪੰਜਾਬ ਦੀ ਹੱਦ ਤੱਕ ਚਲਾਏ ਜਾਣ ਦੀ ਮੰਗ ਕੀਤੀ। ਉਨ੍ਹਾਂ ਇਸ ਨਹਿਰ ਵਿੱਚ ਪਾਣੀ ਛੱਡ ਕੇ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ 1999 ਵਿੱਚ ਉਲੀਕੇ ਗਏ ਦਸਮੇਸ਼ ਨਹਿਰ ਪ੍ਰਾਜੈਕਟ ਦੀ ਉਸਾਰੀ ਆਰੰਭ ਕਰਨ ਦੀ ਮੰਗ ਵੀ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ ਘੁਮਾਣਾ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ ਆਦਿ ਨੇ ਨਹਿਰ ਨੂੰ ਪੰਜਾਬ ਤੱਕ ਚਲਾਏ ਜਾਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਦਸਮੇਸ਼ ਨਹਿਰ ਪ੍ਰਾਜੈਕਟ ਰਾਹੀਂ ਰੂਪਨਗਰ, ਮੁਹਾਲੀ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਜ਼ਮੀਨ ਨੂੰ ਪਾਣੀ ਦੇਣ ਦੀ ਉਲੀਕੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਉਨ੍ਹਾਂ ਕਿਹਾ ਕਿ ਐੱਸਵਾਈਐੱਲ ਦੇ ਪੰਜਾਬ ਖੇਤਰ ਵਿੱਚ ਬਹੁਤ ਸਾਰੇ ਸੂਏ ਅਤੇ ਨਾਲੇ ਬਣੇ ਹੋਏ ਹਨ। ਇਸ ਲਈ ਸਰਾਲਾ ਨੇੜੇ ਨਹਿਰ ਉੱਤੇ ਬੰਨ ਲਾ ਕੇ ਪੰਜਾਬ ਖੇਤਰ ਨੂੰ ਪਾਣੀ ਦਿੱਤਾ ਜਾਵੇ, ਕਿਉਂਕਿ ਇਸ ਸਮੁੱਚੇ ਖੇਤਰ ਵਿੱਚ ਪਾਣੀ ਦਾ ਪੱਧਰ ਡੂੰਘਾ ਚਲਾ ਗਿਆ ਹੈ।