ਪੱਤਰ ਪ੍ਰੇਰਕ
ਲਾਲੜੂ, 3 ਅਕਤੂਬਰ
ਪਾਵਰਕੌਮ ਵਿੱਚ ਇਕ ਪ੍ਰਾਈਵੇਟ ਕੰਪਨੀ ’ਚ ਕੰਟਰੈਕਟ ਮੁਲਾਜ਼ਮ ਨੇੜਲੇ ਪਿੰਡ ਕੁਰਲੀ ਦਾ ਕਰਨ ਸਿੰਘ ਬੀਤੀ 16 ਸਤੰਬਰ ਨੂੰ ਆਲਮਗੀਰ ਗਰਿੱਡ ਵਿੱਚ ਹਾਈ ਟੈਨਸ਼ਨ ਤਾਰ ਦਾ ਜੰਪਰ ਲਾਉਣ ਸਮੇਂ ਗੰਭੀਰ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਨੌਜਵਾਨ ਨੇ ਪਾਵਰਕੌਮ ਤੇ ਕੰਪਨੀ ਅਧਿਕਾਰੀਆਂ ਅੱਗੇ ਅਪੀਲ ਕੀਤੀ ਹੈ ਕਿ ਉਸ ਦਾ ਇਲਾਜ ਕਰਵਾਇਆ ਜਾਵੇ, ਕਿਉਂਕਿ ਉਸ ਕੋਲ ਇਲਾਜ ਕਰਾਉਣ ਲਈ ਪੈਸੇ ਨਹੀ ਹਨ। ਉਸ ਨੇ ਮਾਮਲੇ ਦੀ ਜਾਂਚ ਵੀ ਕਰਾਉਣ ਦੀ ਵੀ ਮੰਗ ਕੀਤੀ ਹੈ। ਕਰਨ ਸਿੰਘ ਦਰਖਾਸਤ ਰਾਂਹੀ ਦੱਸਿਆ ਕਿ ਉਹ ਟੈਲੀਫੋਰਮੇਸ ਕੰਪਨੀ ਵਿੱਚ ਡੇਢ ਸਾਲ ਤੋਂ ਕੰਮ ਕਰਦਾ ਸੀ। 16 ਸਤੰਬਰ ਨੂੰ ਊਸ ਨੂੰ ਡਿਊਟੀ ਦੇ ਸਮੇਂ ਤੋਂ ਬਾਅਦ ਆਲਮਗੀਰ ਗਰਿੱਡ ਵਿੱਚ ਹਾਈਟੈਨਸ਼ਨ ਤਾਰ ਦਾ ਜੰਪਰ ਲਾਉਣ ਬਾਰੇ ਕਿਹਾ ਗਿਆ। ਜਦੋਂ ਉਹ ਲਾਈਨ ’ਤੇ ਚੜ੍ਹਨ ਲੱਗਾ ਤਾਂ ਉਸ ਨੂੰ ਕਰੰਟ ਦਾ ਝਟਕਾ ਲੱਗਿਆ ਤੇ ਉਹ ਖੰਭੇ ਤੋਂ ਹੇਠਾਂ ਡਿੱਗ ਪਿਆ, ਉਸ ਦੀਆਂ ਦੋਵੇਂ ਲੱਤਾਂ ਤੇ ਸੱਜਾ ਹੱਥ ਬੁਰੀ ਤਰ੍ਹਾਂ ਸੜ ਗਏ। ਡਾਕਟਰਾਂ ਨੇ ਉਸ ਦੇ ਅਪਰੇਸ਼ਨ ਹੋਣ ਦੀ ਗੱਲ ਕਹੀ ਹੈ, ਜਿਸ ’ਤੇ ਲੱਖਾਂ ਰੁਪਏ ਖਰਚਾ ਆਵੇਗਾ। ਕੰਪਨੀ ਨੇ ਵੀ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ, ਉਸ ਨੇ ਬਿਜਲੀ ਵਿਭਾਗ ਤੇ ਸਬੰਧਤ ਕੰਪਨੀ ਤੋਂ ਮੰਗ ਕੀਤੀ ਕਿ ਉਸ ਦਾ ਇਲਾਜ ਕਰਵਾਇਆ ਜਾਵੇ। ਪਾਵਰਕੌਮ ਉਪ ਮੰਡਲ ਲਾਲੜੂ ਦੇ ਜੇਈ ਰਾਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੱਧਰ ’ਤੇ ਕੁੱਝ ਇਲਾਜ ਕਰਵਾ ਰਹੇ ਹਨ, ਬਾਕੀ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਜ਼ਖ਼ਮੀ ਦੀ ਮਦਦ ਜ਼ਰੂਰ ਕੀਤੀ ਜਾਵੇਗੀ।