ਪੱਤਰ ਪ੍ਰੇਰਕ
ਖਰੜ, 18 ਜੁਲਾਈ
ਨਗਰ ਕੌਸਲ ਦੇ ਵਾਰਡ ਨੰਬਰ 5 ਦੀ ਮੈਂਬਰ ਪਰਮਜੀਤ ਕੌਰ ਵਲੋਂ ਖਰੜ ਨਗਰ ਕੌਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਅਤੇ ਕੌਂਸਲ ਅਧਿਕਾਰੀਆਂ ਨੂੰ ਦਿੱਤੇ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਵਾਰਡ ਵਿਚੋਂ ਲੰਘਦੇ ਬਰਸਾਤੀ ਨਾਲੇ ਦੀ ਤੁਰੰਤ ਸਫਾਈ ਕਰਵਾਈ ਜਾਵੇ ਤੇ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਕਾਰਵਾਈ ਕੀਤੀ ਜਾਵੇ। ਇਸ ਬਰਸਾਤੀ ਨਾਲੇ ਦੀ ਸਫਾਈ ਵਾਰ-ਵਾਰ ਕਹਿਣ ’ਤੇ ਵੀ ਨਹੀਂ ਹੋਈ। ਇਸ ਉਤੇ ਵੱਡੀ ਗਿਣਤੀ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਇਸ ਬਰਸਾਤੀ ਨਾਲੇ ਦੀ ਚੌੜਾਈ ਸਰਕਾਰੀ ਰਿਕਾਰਡ ਅਨੁਸਾਰ 20 ਤੋਂ 40 ਫੁੱਟ ਹੈ ਪਰ ਮੌਜੂਦਾ ਹਾਲਤ ਵਿਚ ਇਸ ਦੀ ਚੌੜਾਈ 2 ਤੋਂ 5 ਫੁੱਟ ਰਹਿ ਗਈ ਹੈ ਅਤੇ ਕਈ ਥਾਵਾਂ ’ਤੇ ਤਾਂ ਕਲੋਨਾਈਜ਼ਰਾਂ ਨੇ ਇਸ ਨੂੰ ਬੰਦ ਵੀ ਕਰ ਦਿੱਤਾ ਹੈ। ਉਨ੍ਹਾਂ ਇਸ ਉਤੇ ਪੱਕੇ ਲੈਂਟਰ ਪਾ ਕੇ ਬਿਨਾਂ ਨਕਸ਼ੇ ਪਾਸ ਕਰਵਾਏ ਉਸਾਰੀਆਂ ਵੀ ਕਰ ਲਈਆਂ ਹਨ। ਇਸ ਸਬੰਧੀ ਵੀ ਅਫਸਰਾਂ ਨੂੰ ਜਾਣੂ ਕਰਵਾਇਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਬਰਸਾਤਾਂ ਦੌਰਾਨ ਦੇਸੂਮਾਜਰਾ, ਫਤਿਹਉਲਾਪੁਰ ਅਤੇ ਮੁੰਡੀ ਖਰੜ ਸਣੇ ਅੱਧੇ ਸ਼ਹਿਰ ਦਾ ਪਾਣੀ ਇਸ ਵਿਚੋਂ ਨਿਕਲਦਾ ਹੈ ਪਰ ਸਫਾਈ ਨਾ ਹੋਣ ਕਾਰਨ ਅਤੇ ਕਬਜ਼ੇ ਨਾ ਹਟਾਉਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿਚ ਵੜਨ ਲੱਗ ਗਿਆ ਹੈ ਜਿਸ ਨਾਲ ਨੁਕਸਾਨ ਹੋ ਰਿਹਾ ਹੈ।