ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 3 ਅਪਰੈਲ
ਬੀਕੇਯੂ ਏਕਤਾ (ਸਿੱਧੂਪੁਰ) ਬਲਾਕ ਖਮਾਣੋਂ ਦੇ ਆਗੂਆਂ ਨੇ ਪ੍ਰਧਾਨ ਕਰਨੈਲ ਸਿੰਘ ਜਟਾਣਾਂ ਨੀਵਾਂ ਦੀ ਅਗਵਾਈ ਹੇਠ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਖੰਡ ਮਿਲ ਦੇ ਬਕਾਏ ਬਾਰੇ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਰਾਹੀਂ ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਸੀਜ਼ਨ 2021-22 ਦੇ ਬਕਾਇਆ ਕਰੀਬ 35 ਕਰੋੜ 50 ਲੱਖ ਰੁਪਏ ਸ਼ੂਗਰ ਮਿੱਲ ਮੋਰਿੰਡਾ ਵੱਲ ਖੜ੍ਹੇ ਹਨ। ਬੁੱਢੇਵਾਲ ਮਿੱਲ ਦੀ ਬਕਾਇਆ ਰਾਸ਼ੀ ਕਰੀਬ 25 ਕਰੋੜ ਰੁਪਏ ਮਿੱਲ ਵੱਲ ਖੜ੍ਹੀ ਹੈ। ਮੋਰਿੰਡਾ ਮਿੱਲ ਫਰਵਰੀ 2022 ਵਿੱਚ ਬੰਦ ਹੋ ਗਈ ਹੈ ਅਤੇ ਇਹ ਰਕਮ ਹੁਣ ਤੱਕ ਕਿਸਾਨਾਂ ਨੂੰ ਨਹੀਂ ਮਿਲੀ ਜਦੋਂ ਕਿ ਕਿਸਾਨ ਮਹਿੰਗੀ ਖਾਦ, ਡੀਜ਼ਲ ਅਤੇ ਮਜ਼ਦੂਰੀ ਆਪਣੇ ਪੱਲਿਓਂ ਦੇ ਚੁੱਕਾ ਹੈ। ਆਗੂਆਂ ਨੇ ਕਿਹਾ ਕਿ ਉਹ ਨਵੀਂ ਸਰਕਾਰ ਤੋਂ ਇਹ ਆਸ ਕਰਦੇ ਹਾਂ ਕਿ ਉਹ ਛੇਤੀ ਤੋਂ ਛੇਤੀ ਇਸ ਬਣਦੀ ਰਕਮ ਨੂੰ ਜਾਰੀ ਕਰੇ ਤਾਂ ਜੋ ਅੱਗੇ ਆ ਰਹੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮਾਲੀ ਮਦਦ ਮਿਲ ਸਕੇ। ਇਸ ਮੌਕੇ ਬੂਟਾ ਸਿੰਘ, ਅਮਰੀਕ ਸਿੰਘ ਰੋਮੀ, ਸੁਖਦੇਵ ਸਿੰਘ ਬਾਠਾਂ ਕਲਾਂ, ਕਿਰਪਾਲ ਸਿੰਘ ਬਦੇਸ਼ ਕਲਾਂ ਤੇ ਹੋਰ ਹਾਜ਼ਰ ਸਨ।