ਪੱਤਰ ਪ੍ਰੇਰਕ
ਘਨੌਲੀ, 14 ਮਈ
ਇੱਥੇ ਆਰ. ਜੇ. ਰਿਜ਼ੌਰਟ ਸਿੰਘਪੁਰਾ ਵਿੱਚ ਪੰਚਾਇਤ ਯੂਨੀਅਨ ਬਲਾਕ ਰੂਪਨਗਰ ਦੀ ਮੀਟਿੰਗ ਬਲਾਕ ਪ੍ਰਧਾਨ ਚਰਨਜੀਤ ਸਿੰਘ ਮਿਆਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਪੰਚਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚਰਨਜੀਤ ਸਿੰਘ ਸਰਪੰਚ ਮਿਆਣੀ ਨੇ ਕਿਹਾ ਕਿ ਸਰਪੰਚਾਂ ਨੂੰ ਮਿਲਣ ਵਾਲਾ ਮਾਮੂਲੀ ਜਿਹਾ ਭੱਤਾ 1200 ਰੁਪਏ ਵੀ ਪਿਛਲੇ 3 ਸਾਲਾਂ ਤੋਂ ਨਹੀਂ ਮਿਲ ਰਿਹਾ। ਮਨਰੇਗਾ ਦੇ ਕੰਮਾਂ ਵਿੱਚ ਜੀਓਜੀ ਬੇਲੋੜੀ ਦਖਲਅੰਦਾਜ਼ੀ ਕਰ ਕੇ ਸਰਪੰਚਾਂ ਨੂੰ ਪ੍ਰੇਸ਼ਾਨ ਕਰਦੇ ਹਨ। ਇਸ ਤੋਂ ਇਲਾਵਾ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਪੰਚਾਇਤਾਂ ਨੂੰ ਫੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ, ਜਿਸ ਕਾਰਨ ਉਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਹਿਕਮੇ ਦੀਆਂ ਅਦਾਲਤਾਂ ਵਿੱਚ ਚੱਲਦੇ ਪੰਚਾਇਤੀ ਕੇਸਾਂ ਦਾ ਛੇਤੀ ਨਬਿੇੜਾ ਕੀਤਾ ਜਾਵੇ ਤੇ ਮਗਨਰੇਗਾ ਦੀ ਪਿਛਲੇ ਡੇਢ ਸਾਲ ਤੋਂ ਬਕਾਇਆ ਰਹਿੰਦੀ ਰਕਮ ਦੀ ਤੁਰੰਤ ਅਦਾਇਗੀ ਕੀਤੀ ਜਾਵੇ। ਇਸ ਮੌਕੇ ਕੈਪਟਨ ਮੁਲਤਾਨ ਸਿੰਘ ਬੜੀ, ਮਨਿੰਦਰ ਕੌਰ ਸਿੰਘਪੁਰਾ, ਪਰਮਜੀਤ ਕੌਰ ਨਾਨਕਪੁਰ, ਬਿੱਟੂ ਬਾਜਵਾ ਰੋਡਮਾਜਰਾ ਚੱਕਲਾਂ, ਅਜਮੇਰ ਸਿੰਘ ਲੌਦੀਮਾਜਰਾ, ਸੁਖਵਿੰਦਰ ਕੌਰ, ਰਾਜੇਸ਼ ਕੁਮਾਰ ਦੁੱਗਰੀ ਆਦਿ ਸਰਪੰਚ ਹਾਜ਼ਰ ਸਨ।