ਮੁਕੇਸ਼ ਕੁਮਾਰ
ਚੰਡੀਗੜ੍ਹ, 16 ਜਨਵਰੀ
ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਕੀਤੀਆਂ ਗਈਆਂ ਵਾਧੂ ਉਸਾਰੀਆਂ ਅਤੇ ਅੰਦਰੂਨੀ ਬਦਲਾਵਾਂ ਨੂੰ ਰੈਗੂਲਰ ਕਰਵਾਉਣ ਦੀ ਮੰਗ ਲਈ ਬੋਰਡ ਦੇ ਅਲਾਟੀ ਮੁੜ ਸਰਗਰਮ ਹੋ ਗਏ ਹਨ। ਅੱਜ ਇੱਥੇ ਸੈਕਟਰ 40 ਸਥਿਤ ਕਮਿਊਨਿਟੀ ਸੈਂਟਰ ਵਿੱਚ ਹਾਊਸਿੰਗ ਬੋਰਡ ਦੇ ਅਲਾਟੀਆਂ ਵੱਲੋਂ ਬੋਰਡ ਦੇ ਡਾਇਰੈਕਟਰਾਂ ਹਿਤੇਸ਼ ਪੂਰੀ ਅਤੇ ਪੂਨਮ ਸ਼ਰਮਾਂ ਨਾਲ ਮੀਟਿੰਗ ਕਰਕੇ ਇਸ ਲਗਪਗ ਚਾਰ ਦਹਾਕਿਆਂ ਪੁਰਾਣੀ ਸਮੱਸਿਆ ਦੇ ਹੱਲ ਲਈ ਵਿਚਾਰ -ਵਟਾਂਦਰਾ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੀਟਿੰਗ ਦੌਰਾਨ ਹਾਊਸਿੰਗ ਬੋਰਡ ਦੇ ਫਲੈਟਾਂ ਦੀਆਂ ਵੱਖ ਵੱਖ ਸੈਕਟਰਾਂ ਦੀਆਂ ਕਮੇਟੀਆਂ ਨੇ ਨੁਮਾਇੰਦਿਆਂ ਨੇ ਬੋਰਡ ਦੇ ਫਲੈਟਾਂ ਵਿੱਚ ਕੀਤੀਆਂ ਗਈਆਂ ਵਾਧੂ ਉਸਾਰੀਆਂ ਨੂੰ ਦਿੱਲੀ ਕਮੇਟੀ ਦੀ ਤਰਜ਼ ’ਤੇ ਰੈਗੂਲਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਦਿੱਲੀ ਦੀ ਤਰਜ਼ ਦੇ ਅਧਾਰ ’ਤੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਦਾ, ਉਦੋਂ ਤੱਕ ਬੋਰਡ ਵੱਲੋਂ ਫਲੈਟਾਂ ਵਿੱਚ ਕੀਤੀਆਂ ਗਈਆਂ ਪੁਰਾਣੀਆਂ ਉਸਾਰੀਆਂ ਅਤੇ ਹੋਰ ਬਦਲਾਵਾਂ ਨੂੰ ਲੈ ਕੇ ਨੋਟਿਸ ਨਾ ਭੇਜੇ ਜਾਣ। ਇਸਦੇ ਨਾਲ ਹੀ ਮੀਟਿੰਗ ਦੌਰਾਨ ਬੋਰਡ ਦੇ ਅਲਾਟੀਆਂ ਨੇ ਮੰਗ ਕੀਤੀ ਕਿ ਫਲੈਟਾਂ ਵਿੱਚ ਕੀਤੀਆਂ ਗਈਆਂ ਉਸਾਰੀਆਂ ਕਾਰਨ ਫਲੈਟਾਂ ਦੀ ਟਰਾਂਸਫਰ ਕਰਨ ’ਤੇ ਲਗਾਈ ਗਈ ਰੋਕ ਵੀ ਹਟਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਤੰਬਰ 2011 ਤੋਂ ਪਹਿਲਾਂ ਰਜਿਸਟਰਡ ਜੀਪੀਏ ਦੇ ਆਧਾਰ ’ਤੇ ਵੀ ਫਲੈਟਾਂ ਦੀ ਟਰਾਂਸਫਰ ਕੀਤੀ ਜਾਵੇ।
ਮੀਟਿੰਗ ਦੌਰਾਨ ਅਲਾਟੀਆਂ ਵੱਲੋਂ ਦਿੱਤੇ ਗਏ ਮਸ਼ਵਰੇ ਤੋਂ ਬਾਅਦ ਹਾਊਸਿੰਗ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੇ ਮੈਂਬਰ ਹਿਤੇਸ਼ ਪੁਰੀ ਅਤੇ ਪੂਨਮ ਸ਼ਰਮਾ ਨੇ ਬੋਰਡ ਦੇ ਅਲਾਟੀਆਂ ਨੂੰ ਭਰੋਸਾ ਦਿੱਤਾ ਕਿ ਉਹ 19 ਜਨਵਰੀ ਨੂੰ ਹੋਣ ਵਾਲੀ ਬੋਰਡ ਦੀ ਅਗਲੀ ਮੀਟਿੰਗ ਵਿੱਚ ਨਿਵਾਸੀਆਂ ਦੀਆਂ ਮੰਗਾਂ ਨੂੰ ਚੁੱਕਣਗੇ ਅਤੇ ਬੋਰਡ ਦੇ ਅਲਾਟੀਆਂ ਦੀ ਸਮੱਸਿਆ ਦਾ ਢੁਕਵਾਂ ਹੱਲ ਕੱਢਣ ਦੀ ਕੋਸ਼ਿਸ਼ ਕਰਨਗੇ। ਮੀਟਿੰਗ ਦੌਰਾਨ ਮੇਅਰ ਸਰਬਜੀਤ ਕੌਰ ਨੇ ਹਾਊਸਿੰਗ ਬੋਰਡ ਦੇ ਅਲਾਟੀਆਂ ਵੱਲੋਂ ਇਸ ਮੀਟਿੰਗ ਵਿੱਚ ਸੱਦਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪ੍ਰਸ਼ਾਸਨ ਦੇ ਨਾਲ ਹਾਊਸਿੰਗ ਬੋਰਡ ਦੇ ਅਲਾਟੀਆਂ ਨਾਲ ਸਬੰਧਤ ਮੁੱਦਿਆਂ ਬਾਰੇ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।