ਪੱਤਰ ਪ੍ਰੇਰਕ
ਚੰਡੀਗੜ੍ਹ, 2 ਅਪਰੈਲ
ਸੀ-ਪਾਈਟ ਸੰਸਥਾ ਵਿੱਚ ਪਿਛਲੇ ਲਗਭਗ ਦੋ ਦਹਾਕਿਆਂ ਤੋਂ ਠੇਕਾ ਅਧਾਰ ਉਤੇ ਕੰਮ ਕਰਦੇ ਆ ਰਹੇ ਮੁਲਾਜ਼ਮਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ-ਪਾਈਟ ਐਂਪਲਾਈਜ਼ ਯੂਨੀਅਨ ਦੇ ਸਕੱਤਰ ਜਗਤਾਰ ਸਿੰਘ, ਵਿਜੇ ਕੁਮਾਰ, ਗੁਰਿੰਦਰ ਸਿੰਘ, ਬਿਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਦੇ ਫੈਸਲੇ ਅਨੁਸਾਰ ਵਿੱਤ ਵਿਭਾਗ ਦੇ ਪੱਤਰ ਅਨੁਸਾਰ ਵੱਖ-ਵੱਖ ਵਿਭਾਗਾਂ ਵਿਚ ਆਉਂਦੇ ਬੋਰਡਾਂ/ਕਾਰਪੋਰੇਸ਼ਨਾਂ/ਕੋਆਪ੍ਰੇਟਿ ਅਦਾਰਿਆਂ ਅਤੇ ਹੋਰ ਅਦਾਰਿਆਂ ਵਿੱਚ ਦਿਹਾੜੀਦਾਰ/ਠੇਕਾ ਅਧਾਰ ਉਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਬਣਾਈ ਸੀ। ਉਸ ਉਪਰੰਤ ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਨਾਲ 31 ਅਕਤੂਬਰ 2011 ਨੂੰ ਮੁੱਖ ਮੰਤਰੀ ਵੱਲੋਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸੀ-ਪਾਈਟ ਅਤੇ ਸਿੰਚਾਈ ਵਿਭਾਗ ਦੇ ਰਹਿੰਦੇ ਯੋਗ ਵਰਕਚਾਰਜ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਸੀ-ਪਾਈਟ ਦੇ ਠੇਕਾ ਅਧਾਰਿਤ 123 ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਬਾਕੀ ਰਹਿ ਗਿਆ ਸੀ।