ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਅਗਸਤ
ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਨੇ ਯੂਟੀ ਵਿੱਚ ‘ਅਪਾਰਟਮੈਂਟ ਐਕਟ’ ਲਾਗੂ ਕਰਨ ਦੀ ਮੰਗ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਕਮਲ ਗੁਪਤਾ ਨੇ ਦੱਸਿਆ ਕਿ ਚੰਡੀਗੜ੍ਹ ਨੂੰ ਵਸਿਆਂ 60 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ। ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਲੋੜ ਅਨੁਸਾਰ ਮੰਜ਼ਿਲ ਅਨੁਸਾਰ ਖਰੀਦਣ-ਵੇਚਣ ਵਿੱਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਅਪਾਰਟਮੈਂਟ ਐਕਟ ਰਾਹੀਂ ਦੂਰ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਕਮਲ ਗੁਪਤਾ ਨੇ ਦੱਸਿਆ ਕਿ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ ਗਏ ਹੋਏ ਹਨ ਜਿਸ ਤੋਂ ਬਾਅਦ ਪਰਿਵਾਰ ਦੇ ਇਕ ਦੋ ਮੈਂਬਰ ਇੱਥੇ ਰਹਿ ਰਹੇ ਹਨ ਜਿਨ੍ਹਾਂ ਨੂੰ ਆਪਣੇ ਹਿੱਸਾ ਦੀ ਜ਼ਮੀਨ ਵੇਚਣ ਵਿੱਚ ਕਾਫੀ ਦਿੱਕਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵਿਕ ਰਹੇ ਮਕਾਨ ਹਿੱਸੇ ਅਨੁਸਾਰ ਵਿਕ ਰਹੇ ਹਨ ਜਿਸ ਨਾਲ ਆਪਸੀ ਟਕਰਾਅ ਵਧ ਰਹੇ ਹਨ। ਜੇਕਰ ਅਪਾਰਟਮੈਂਟ ਐਕਟ ਲਾਗੂ ਕੀਤਾ ਜਾਂਦਾ ਹੈ ਤਾਂ ਹਰ ਕੋਈ ਆਪਣੇ ਹਿੱਸੇ ਦੀ ਜ਼ਮੀਨ ਆਸਾਨੀ ਨਾਲ ਖਰੀਦ-ਵੇਚ ਸਕਦਾ ਹੈ। ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਹਾਊਸਿੰਗ ਬੋਰਡ ਅਧੀਨ ਵੇਚੇ ਜਾਣ ਵਾਲੇ ਮਕਾਨਾਂ ਨੂੰ ਅਪਾਰਟਮੈਂਟ ਐਕਟ ਤਹਿਤ ਵੇਚ ਰਿਹਾ ਹੈ ਪਰ ਨਿੱਜੀ ਪ੍ਰਾਪਰਟੀ ’ਤੇ ਇਹ ਲਾਗੂ ਨਹੀਂ ਹੁੰਦਾ।
ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਅਪਾਰਟਮੈਂਟ ਐਕਟ ਲਾਗੂ ਕੀਤਾ ਜਾਵੇ। ਦੱਸਣਯੋਗ ਹੈ ਕਿ ਚੰਡੀਗੜ੍ਹ ਦੀ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-10 ਨੇ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰ ਕੇ ਮੰਜ਼ਿਲ ਅਨੁਸਾਰ ਖਰੀਦੋ-ਫਰੋਖਤ ਖ਼ਿਲਾਫ਼ ਅਰਜ਼ੀ ਦਾਇਰ ਕੀਤੀ ਹੋਈ ਹੈ।