ਆਤਿਸ਼ ਗੁਪਤਾ
ਚੰਡੀਗੜ੍ਹ, 6 ਜੂਨ
ਸ਼ਹਿਰ ਵਿੱਚ ਕਰੋਨਾ ਦੇ ਕੇਸਾਂ ਵਿੱਚ ਕਮੀ ਦੇ ਨਾਲ-ਨਾਲ ਟਰਾਈਸਿਟੀ ਦੇ ਵਪਾਰੀਆਂ ਵੱਲੋਂ ਦੁਕਾਨਾਂ ਖੋਲ੍ਹਣ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਲਈ ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਨੇ ਪ੍ਰਸ਼ਾਸਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉੱਧਰ ਜਿਮ ਖੋਲ੍ਹਣ ਦੀ ਮੰਗ ਕਰਦਿਆਂ ਜਿਮ ਮਾਲਕਾਂ ਨੇ ਮਟਕਾ ਚੌਕ ਵਿੱਚ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੇ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ।
ਪੰਜਾਬ ਜਿਮ ਵੈਲਫੇਅਰ ਸੁਸਾਈਟੀ ਦੇ ਪ੍ਰਧਾਨ ਨਵਨੀਤ ਸਿੰਘ ਤੇ ਹੋਰਨਾਂ ਨੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕਿਹਾ ਕਿ ਕਰੋਨਾ ਦੌਰਾਨ ਜਿਮ ਬੰਦ ਹੋਣ ਕਰਕੇ ਟ੍ਰਾਈਸਿਟੀ ਵਿੱਚ 10 ਹਜ਼ਾਰ ਦੇ ਕਰੀਬ ਜਿਮ ਮਾਲਕ ਪ੍ਰਭਾਵਿਤ ਹੋ ਰਹੇ ਹਨ ਜਿਨ੍ਹਾਂ ਕੋਲ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਹੈ। ਸ੍ਰੀ ਸਿੱਧੂ ਨੇ ਵਿਸ਼ਵਾਸ ਦਵਾਇਆ ਕਿ ਉਹ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ। ਚੰਡੀਗੜ੍ਹ ਜਨਰਲ ਮਰਚੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਦੁਕਾਨਾਂ ਨੂੰ ਘੱਟ ਤੋਂ ਘੱਟ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇ। ਜਿਸ ਨਾਲ ਦੁਕਾਨਦਾਰ ਆਪਣੇ ਖਰਚੇ ਤਾਂ ਪੁੂਰੇ ਕਰ ਸਕੇ। ਨਿਊ ਏਕਤਾ ਸ਼ਾਪਕੀਪਰਸ ਐਸੋਸੀਏਸ਼ਨ ਸੈਕਟਰ-45 ਦੇ ਚੇਅਰਮੈਨ ਭੁਪਿੰਦਰ ਸ਼ਰਮਾ ਨੇ ਕਿਹਾ ਕਿ ਕਰੋਨਾ ਦੌਰਾਨ ਵਪਾਰੀ ਵਰਗ ਦਾ ਕਾਫੀ ਨੁਕਸਾਨ ਹੋ ਗਿਆ ਹੈ। ਇਸ ਵਪਾਰੀ ਵਰਗ ਲਈ ਵੀ ਪ੍ਰਸ਼ਾਸਨ ਨੂੰ ਰਾਹਤ ਪੈਕੇਜ ਜਾਰੀ ਕਰਨਾ ਚਾਹੀਦਾ ਹੈ।