ਪੱਤਰ ਪ੍ਰੇਰਕ
ਲਾਲੜੂ, 21 ਜੂਨ
ਜਨਤਕ ਜਥੇਬੰਦੀਆਂ ਤੇ ਇਲਾਕਾ ਵਾਸੀਆਂ ਨੇ ਲਾਲੜੂ ਤੋਂ ਮੁਹਾਲੀ ਅਤੇ ਚੰਡੀਗੜ੍ਹ ਲਈ ਸੀ.ਟੀ.ਯੂ ਅਤੇ ਪੀ.ਆਰ.ਟੀ.ਸੀ ਦੀ ਸਿੱਧੀ ਬੱਸ ਸੇਵਾ ਦੀ ਮੰਗ ਕੀਤੀ ਹੈ ਤਾਂ ਜੋ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਆਉਣ ਜਾਣ ਲਈ ਬਿਹਤਰ ਸਹੂਲਤ ਪ੍ਰਾਪਤ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਮਾਰਕੀਟ ਕਮੇਟੀ ਦੇ ਚੇਅਰਮੈਨ ਓਮਬੀਰ ਰਾਣਾ, ਗੁਰਭਜਨ ਸਿੰਘ ਸੈਣੀ, ਸਾਬਕਾ ਸਰਪੰਚ ਰਣਜੀਤ ਸਿੰਘ, ਜਵਾਲਾ ਸਿੰਘ ਫੌਜੀ, ਗੁਰਚਰਨ ਸਿੰਘ ਜੌਲਾ, ਕਰਨੈਲ ਸਿੰਘ ਜੌਲਾ ਤੇ ਜਸਵੰਤ ਸਿੰਘ ਕੁਰਲੀ ਸਮੇਤ ਅਨੇਕਾਂ ਆਗੂਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੀ.ਟੀ.ਯੂ ਦੀ ਬੱਸ ਸੇਵਾ ਚੰਡੀਗੜ੍ਹ, ਡੇਰਾਬਸੀ ਤੋਂ ਵਧਾ ਕੇ ਲਾਲੜੂ ਤੱਕ ਕੀਤੀ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਹੈੱਡਕੁਆਰਟਰ ਮੁਹਾਲੀ ਲਈ ਲਾਲੜੂ ਤੋਂ ਸਿੱਧੀ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ ਤਾਂ ਜੋ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ, ਹਸਪਤਾਲਾਂ ਵਿੱਚ ਜਾਣ ਵਾਲੇ ਮਰੀਜ਼ਾਂ ਅਤੇ ਹੋਰ ਕੰਮ ਕਾਜ ਲਈ ਉਕਤ ਸ਼ਹਿਰਾਂ ਵਿੱਚ ਜਾਣ ਵਾਲੇ ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮਾਂ ਨੂੰ ਰਾਹਤ ਮਿਲ ਸਕੇ। ਉਕਤ ਆਗੂਆਂ ਨੇ ਦੱਸਿਆ ਕਿ ਚੰਡੀਗੜ੍ਹ ਤੇ ਮੁਹਾਲੀ ਲਈ ਸਿੱਧੀ ਬੱਸ ਸਰਵਿਸ ਨਾ ਹੋਣ ਕਾਰਨ ਲੋਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।