ਅਤਰ ਸਿੰਘ
ਡੇਰਾਬੱਸੀ, 7 ਨਵੰਬਰ
ਡੇਰਾਬੱਸੀ ਵਿੱਚ ਥਾਂ ਥਾਂ ’ਤੇ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਡੇਰਾਬੱਸੀ ਤੋਂ ਸੈਦਪੁਰਾ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਅਤੇ ਬਾਜ਼ਾਰ ਦੀ ਗਲੀ ਦੇ ਕਿਨਾਰੇ ’ਤੇ ਦੋ-ਤਿਨ ਥਾਂਵਾਂ ’ਤੇ ਕੂੜੇ ਦੇ ਢੇਰ ਲੱਗੇ ਪਏ ਹਨ। ਸੜਕਾਂ ’ਤੇ ਪਈ ਗੰਦਗੀ ਵੱਲ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਬਿੰਦ ਸਿੰਘ, ਜੀਸ਼ਾਨ ਅਲੀ, ਸੁਰਿੰਦਰ ਕੁਮਾਰ ਅਤੇ ਹੋਰ ਵਾਸੀਆਂ ਨੇ ਦੱਸਿਆ ਕਿ ਡੇਰਾਬਸੀ ਤੋਂ ਸੈਦਪੁਰਾ ਅਤੇ ਹੋਰ ਕਈਂ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ’ਤੇ ਕੂੜਾ ਖਿੱਲਰਿਆ ਪਿਆ ਰਹਿੰਦਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਨਾਲ ਕੋਈ ਵੀ ਘਾਤਕ ਬਿਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਲੋਕਾਂ ਨੇ ਦੋਸ਼ ਲਾਇਆ ਹੈ ਕਿ ਨਗਰ ਕੌਂਸਲ ਵੱਲੋਂ ਰੱਖੇ ਗਏ ਸਫ਼ਾਈ ਕਰਮਚਾਰੀਆਂ ਵੱਲੋਂ ਸਮੇਂ ਸਿਰ ਕੂੜਾ ਨਾ ਚੁੱਕਣ ਕਾਰਨ ਮੱਛਰ ਤੇ ਮੱਖੀਆਂ ਦੀ ਭਰਮਾਰ ਲਗੀ ਰਹਿੰਦੀ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਲਾਵਾਰਿਸ ਪਸ਼ੂ ਵੀ ਗੰਦਗੀ ਵਿੱਚ ਮੁੰਹ ਮਾਰਦੇ ਹਨ ਜਿਸ ਕਰਕੇ ਗੰਦਗੀ ਸੜਕਾਂ ’ਤੇ ਫੈਲ ਜਾਂਦੀ ਹੈ ਅਤੇ ਗੰਧ ਵੀ ਬਹੁਤ ਆਉਂਦੀ ਹੈ। ਬਦਬੂ ਕਰਕੇ ਲੰਘਣਾਂ ਵੀ ਮੁਸ਼ਕਿਲ ਹੋਇਆ ਪਿਆ ਹੈ। ਇਲਾਕਾ ਵਾਸੀਆਂ ਨੇ ਦੱਸਿਆ ਹੈ ਕਿ ਕੂੜੇ ਲਈ ਨਗਰ ਕੌਂਸਲ ਵੱਲੋਂ ਕੰਨਟੇਨਰ ਵੀ ਰੱਖੇ ਗਏ ਹਨ ਪਰ ਕੁਝ ਲੋਕ ਬੇਪ੍ਰਵਾਹ ਕੂੜਾ ਸ਼ੜਕ ਦੇ ਕਿਨਾਰੇ ਸੁੱਟ ਦਿੰਦੇ ਹਨ। ਇਸ ਸਬੰਧ ਵਿੱਚ ਜਦੋਂ ਨਗਰ ਕੌਂਸਲ ਦੇ ਕੌਂਸਲਰ ਜਸਵਿੰਦਰ ਸਿੰਘ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੇਂਗੂ ਵਰਗੀਆਂ ਬਿਮਾਰੀਆਂ ਦੇ ਚੱਲਦਿਆਂ ਸ਼ਹਿਰ ਵਿੱਚ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।