ਪੱਤਰ ਪ੍ਰੇਰਕ
ਬਨੂੜ, 22 ਅਪਰੈਲ
ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟਸ (ਸਵਾਇਟ) ਬਨੂੜ ਵੱਲੋਂ 14ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿੱਚ ਇਨਫੋਸਿਸ ਦੇ ਡਾਇਰੈਕਟਰ ਡਾ. ਸੁਮਿਤ ਗੋਇਲ, ਆਈਐੱਸਬੀ ਦੀ ਐਸੋਸੀਏਟ ਡਾਇਰੈਕਟਰ ਉਰਮੀ ਮਹਿਤਾ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ। ਸਵਾਇਟ ਦੇ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰਧਾਨ ਅਸ਼ੋਕ ਗਰਗ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ 400 ਦੇ ਕਰੀਬ ਡਿਗਰੀਆਂ ਵੰਡੀਆਂ ਗਈਆਂ। ਇਨ੍ਹਾਂ ਵਿੱਚ ਬੀਐਡ ਦੇ 100, ਐੱਮਐਡ ਦੇ 30, ਬੀਬੀਏ ਦੇ 25, ਐੱਮਐੱਸਸੀ ਦੇ 15, ਐੱਮਸੀਏ ਦੇ 15, ਬੀਐੱਸਸੀ ਦੇ 30, ਬੀ.ਫਾਰਮਾ ਦੇ 30, ਬੀਸੀਏ ਦੇ 15, ਐੱਮਬੀਏ ਦੇ 20, ਐੱਮਟੈੱਕ ਦੇ 10, ਹੋਟਲ ਮੈਨੇਜਮੈਂਟ ਦੇ 15, ਬੀ.ਟੈੱਕ ਦੀਆਂ 95 ਡਿਗਰੀਆਂ ਵੰਡੀਆਂ ਗਈਆਂ। ਯੂਨੀਵਰਸਿਟੀ ਵਿੱਚ ਮੈਰਿਟ ਸੂਚੀ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਾਲਜ ਦੇ ਚੇਅਰਮੈਨ ਅਸ਼ਵਨੀ ਗਰਗ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਮੇਤ ਮੌਜੂਦਾ ਸਰਕਾਰ ਦੇ ਚਾਰ ਵਿਧਾਇਕ ਕਾਲਜ ਦੇ ਵਿਦਿਆਰਥੀ ਰਹੇ ਹਨ। ਇਸ ਮੌਕੇ ਵਿਸ਼ਾਲ ਗਰਗ, ਸਾਹਿਲ ਗਰਗ, ਸ਼ੁਭਮ ਗਰਗ, ਪ੍ਰਤੀਕ ਗਰਗ ਪ੍ਰਿੰਸੀਪਲ ਅਤੇ ਨਵਦੀਸ਼ ਕੌਰ, ਸਟਾਫ਼ ਮੈਂਬਰ ਅਤੇ ਬੱਚੇ ਹਾਜ਼ਰ ਸਨ।