ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 16 ਫਰਵਰੀ
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦੀ 8ਵੀਂ ਕਨਵੋਕੇਸ਼ਨ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ ਵਿਚ ਹੋਈ, ਜਿਸ ਵਿਚ ਪੀਐੱਚਡੀ, ਐੱਮਫਿਲ, ਮਾਸਟਰਜ਼ ਤੇ ਗ੍ਰੈਜੂਏਸ਼ਨ ਦੇ 600 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਸਮਾਗਮ ਵਿਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਰਾਮਦਾਸ ਅਠਾਵਲੇ ਆਨਲਾਈਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਪ੍ਰਧਾਨ ਡਾ. ਸੰਦੀਪ ਸਿੰਘ ਨੇ ਕੀਤਾ। ਇਸ ਮੌਕੇ ਸ੍ਰੀ ਅਠਾਵਲੇ ਨੇ ਕਿਹਾ ਕਿ ਭਵਿੱਖ ਨੌਜਵਾਨ ਪੀੜ੍ਹੀ ਦੇ ਸੁਪਨਿਆਂ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਦੇਸ਼ ਦੇ ਵਿਕਾਸ ਲਈ ਕਾਰਜ ਕਰਨ ਲਈ ਪ੍ਰੇਰਿਆ। ਕੁਲਪਤੀ ਡਾ. ਜੋਰਾ ਸਿੰਘ ਨੇ ਕਿਹਾ ਕਿ ਇਹ ਵਿਦਿਆਰਥੀਆਂ ਦੀ ਜ਼ਿੰਦਗੀ ਦਾ ਇੱਕ ਵਿਸ਼ੇਸ਼ ਪਲ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਗੀ ਪ੍ਰਤੀ ਸਕਾਰਾਤਮਿਕ ਰਵੱਈਆ ਅਪਣਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਤੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰ ਸਕਣ। ਡਾ. ਤੇਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਇਆ ਹੈ। ਉਪ-ਕੁਲਪਤੀ ਡਾ. ਸ਼ਾਲਿਨੀ ਗੁਪਤਾ ਨੇ ਅਕਾਦਮਿਕ ਰਿਪੋਰਟ ਪੜ੍ਹੀ ਤੇ ’ਵਰਸਿਟੀ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਨੈਸ਼ਨਲ ਹਿਊਮਨ ਰਾਈਟਸ ਕੌਂਸਲ ਦੇ ਮੈਂਬਰ ਡਾ. ਡੀਐੱਮ ਮੁਲਾਇ, ਬਿਸ਼ਨੂਪਦਾ ਸੇਠੀ ਕਮਿਸ਼ਨਰ-ਕਮ-ਸੈਕਟਰੀ ਮੱਛੀ ਪਾਲਣ ਤੇ ਜਾਨਵਰ, ਪ੍ਰੋ. ਡਾ. ਅਚਯੁਤਾ ਸਮੰਤਾ, ਡਾ. ਅਨਿਲ ਕੋਹਲੀ, ਐੱਮਐੱਸ ਪੂਨਮ ਵੋਰੀਆ, ਜਗਨਨਾਥ ਪਟਨਾਇਕ, ਅਹਿਮਦ ਕਬੀਰ, ਕਸ਼ਮੀਰ ਸਿੰਘ, ਪ੍ਰਸਿੱਧ ਗਾਇਕ ਸਤਿੰਦਰ ਸਰਤਾਜ, ਤਜਿੰਦਰ ਐਸ ਬਿੱਟੂ, ਸ਼ਰਬਾਨੀ ਪਟਨਾਇਕ, ਅਵੰਤਿਕਾ, ਡਿਪਟੀ ਡਾਇਰੈਕਟਰ ਪਰਮਾਰ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ।