ਸ਼ਸ਼ੀਪਾਲ ਜੈਨ
ਖਰੜ, 10 ਅਕਤੂਬਰ
ਇਥੇ ਨੋਬਲ ਪੁਰਸਕਾਰੀ ਅਤੇ ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ. ਮਿਸ਼ੇਲ ਮੇਅਰ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਕਰਵਾਏ ਸਾਲਾਨਾ ਡਿਗਰੀ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਬ੍ਰਹਿਮੰਡ ਦੀ ਤਰ੍ਹਾਂ, ਸਾਡੀ ਜ਼ਿੰਦਗੀ ਵੀ ਅਣਸੁਲਝੇ ਭੇਤਾਂ ਨਾਲ ਭਰੀ ਹੋਈ ਹੈ ਅਤੇ ਇਸ ਲਈ ਸਿੱਖਣ ਦਾ ਸਹੀ ਤਰੀਕਾ ਇਹ ਹੈ ਕਿ ਅਜਿਹੀਆਂ ਸਮੱਸਿਆਵਾਂ ਜਾਂ ਰਹੱਸਾਂ ਦਾ ਹੱਲ ਲੱਭੋ। ਡਿਗਰੀ ਵੰਡ ਸਮਾਗਮ ਦੌਰਾਨ 13 ਕੰਪਿਊਟਿੰਗ ਅਤੇ ਸਾਇੰਸਜ਼ ਪ੍ਰੋਗਰਾਮਾਂ ’ਚ 2022 ਬੈਚ ਦੇ ਕੁੱਲ 890 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਗਈ, ਜਿਸ ’ਚ ਸਾਇੰਸਜ਼ ਦੇ 663 ਅਤੇ ਬੀ.ਸੀ.ਏ ਦੇ 227 ਵਿਦਿਆਰਥੀ ਸ਼ਾਮਲ ਸਨ। ਇਸ ਦੇ ਨਾਲ ਹੀ ਵੱਖ-ਵੱਖ ਕੋਰਸਾਂ ਵਿੱਚ ਮੋਹਰੀ ਰਹਿਣ ਵਾਲੇ 13 ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ. ਐਸ. ਬਾਵਾ, ਵਾਈਸ ਚਾਂਸਲਰ ਡਾ. ਆਨੰਦ ਅਗਰਵਾਲ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।