ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਜੁਲਾਈ
ਯੂਟੀ ਦੇ ਸਿੱਖਿਆ ਵਿਭਾਗ ਦੀ ਸੀਨੀਆਰਤਾ ਸੂਚੀ ਵਿਚ ਖਾਮੀਆਂ ਹਨ ਜਿਸ ਕਾਰਨ ਦਸ ਸਾਲ ਪਹਿਲਾਂ ਰਹੇ ਜੂਨੀਅਰ ਅਧਿਕਾਰੀ ਕਈ ਸੀਨੀਅਰ ਅਧਿਕਾਰੀਆਂ ਤੋਂ ਵੀ ਅੱਗੇ ਲੰਘ ਗਏ ਹਨ। ਇਸ ਕਾਰਨ ਪ੍ਰਿੰਸੀਪਲਾਂ ਤੇ ਅਧਿਆਪਕਾਂ ਵਿਚ ਰੋਸ ਹੈ। ਇਨ੍ਹਾਂ ਪ੍ਰਿੰਸੀਪਲਾਂ ਨੇ ਆਪਣਾ ਰੋਸ ਡਾਇਰੈਕਟਰ ਸਕੂਲ ਐਜੂਕੇਸ਼ਨ ਕੋਲ ਵੀ ਦਰਜ ਕਰਵਾ ਦਿੱਤਾ ਹੈ। ਜਿਨ੍ਹਾਂ ਅਧਿਆਪਕਾਂ ਦਾ ਸਾਲ 2004 ਵਿਚ ਡੇਢ ਸੌ ਦੇ ਕਰੀਬ ਸਥਾਨ ਸੀ ਉਹ ਇਸ ਵੇਲੇ ਉਚ ਅਧਿਕਾਰੀ ਬਣ ਚੁੱਕੇ ਹਨ ਜਦਕਿ ਉਸ ਸਮੇਂ ਸੂਚੀ ਵਿਚ 110ਵੇਂ ਸਥਾਨ ਉਤੇ ਮੌਜੂਦ ਅਧਿਆਕ ਅੱਜ ਸਿਰਫ ਪ੍ਰਿੰਸੀਪਲ ਹਨ ਤੇ ਇਸੀ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ। ਇਕ ਹੋਰ ਪ੍ਰਿੰਸੀਪਲ ਨੇ ਦੱਸਿਆ ਕਿ ਸੀਨੀਆਰਤਾ ਸੂਚੀ ਵਿਚ ਖਾਮੀਆਂ ਹੋਣ ਬਾਰੇ ਉਹ ਕਈ ਵਾਰ ਇਤਰਾਜ਼ ਦਰਜ ਕਰਵਾ ਚੁੱਕੇ ਹਨ ਪਰ ਹੁਣ ਤਕ ਇਹ ਖਾਮੀਆਂ ਦੂਰ ਨਹੀਂ ਕੀਤੀਆਂ ਗਈਆਂ। ਉਹ ਅਗਲੇ ਸਾਲ ਸੇਵਾਮੁਕਤ ਹੋ ਰਹੇ ਹਨ ਪਰ ਉਨ੍ਹਾਂ ਨੂੰ ਅਧਿਕਾਰੀ ਵਾਲੀ ਪ੍ਰਮੋਸ਼ਨ ਤੋਂ ਦੂਰ ਰੱਖਿਆ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਇਸ ਸੂਚੀ ਵਿਚ ਪ੍ਰੀਤੀ ਗਰਗ, ਦਵਿੰਦਰ ਸਿੰਘ, ਸਪਨਾ ਸੂਦ, ਸੁਖਰਾਜ ਸੰਧੂ, ਸੰਜੀਵ ਸਿੰਗਲਾ ਤੇ ਰੁਪਿੰਦਰ ਕੌਰ ਨੇ ਵੀ ਪਹਿਲਾਂ ਇਤਰਾਜ਼ ਦਰਜ ਕਰਵਾਏ ਸਨ ਪਰ ਇਨ੍ਹਾਂ ਦੇ ਇਤਰਾਜ਼ ਦੂਰ ਨਹੀਂ ਹੋ ਸਕੇ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੀਨੀਆਰਤਾ ਸੂਚੀ ਸਾਲ 2013 ਵਿਚ ਜਾਰੀ ਕੀਤੀ ਗਈ ਸੀ ਤੇ ਕਈ ਇਤਰਾਜ਼ ਹੋਣ ਕਰਕੇ ਨਵੀਂ ਸੂਚੀ ਹੋਂਦ ਵਿਚ ਆਈ ਹੈ। ਜੇ ਕਿਸੇ ਪ੍ਰਿੰਸੀਪਲ ਦੇ ਇਤਰਾਜ਼ ਹਨ ਤਾਂ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਯੂਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਕਈ ਅਧਿਆਪਕਾਂ ਦੇ ਸਕੂਲ ਪੁਰਾਣੇ ਥਾਂ ’ਤੇ ਤਾਇਨਾਤੀ ਵਾਲੇ ਹੀ ਦਰਸਾਏ ਗਏ ਹਨ।
ਸੈਕਟਰ-22 ਦੇ ਸਰਕਾਰੀ ਸਕੂਲ ਵਿੱਚ ਅੱਗ ਲੱਗੀ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 22 ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਇਸ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਖੁੱਲ੍ਹਣ ਤੋਂ ਕੁੱਝ ਹੀ ਦੇਰ ਬਾਅਦ ਮੀਟਰ ਦੇ ਬਾਕਸ ਵਿੱਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਫਾਇਰ ਟੈਂਡਰ ਦੇ ਪੁੱਜਣ ਤੋਂ ਪਹਿਲਾਂ ਹੀ ਸਕੂਲ ਸਟਾਫ ਨੇ ਅੱਗ ਉੱਤੇ ਕਾਬੂ ਪਾ ਲਿਆ। ਪ੍ਰਿੰਸੀਪਲ ਰਾਜੀਵ ਕੁਮਾਰ ਨੇ ਦੱਸਿਆ ਕਿ ਸਕੂਲ ਸਟਾਫ ਮੈਂਬਰਾਂ ਨੂੰ ਅੱਗ ਬੁਝਾਉਣ ਦੀ ਸਿਖਲਾਈ ਦਿੱਤੀ ਗਈ ਸੀ । ਇਸ ਅੱਗ ਕਾਰਨ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।