ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 22 ਜੁਲਾਈ
ਕਲਾਕਾਰਾਂ ਦੀ ਸੰਸਥਾ ਨੌਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਜ਼ ਐਸੋਸੀਏਸ਼ਨ ‘ਨਜ਼ਫ਼ਟਾ’ ਨੇ ਦਲਜੀਤ ਅਰੋੜਾ ਦੀ ਲਿਖੀ ਤੇ ਮਲਕੀਤ ਰੌਣੀ ਵੱਲੋਂ ਸੰਪਾਦਿਤ ਕੀਤੀ ਸਿਨੇਮਾ ਸਬੰਧੀ ਪੁਸਤਕ ‘ਪੰਜਾਬੀ ਸਕਰੀਨ ਦੇ ਸਿਨੇਮਾ ਸੰਪਾਦਕੀ ਲੇਖ’ ਅੱਜ ਮੁਹਾਲੀ ਦੇ ਸੈਕਟਰ ਸੱਤਰ ਵਿੱਚ ਕੀਤੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਫ਼ਿਲਮ ਕਲਾਕਾਰਾਂ ਸਮੇਤ ਨਾਟਕਕਾਰ ਤੇ ਲੇਖਕ ਡਾ. ਸਤੀਸ਼ ਕੁਮਾਰ ਵਰਮਾ, ਗੀਤਕਾਰ ਬਾਬੂ ਸਿੰਘ ਮਾਨ ਤੇ ਅਦਾਕਾਰ ਗੁੱਗੂ ਗਿੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਗੁੱਗੂ ਗਿੱਲ ਨੇ ਇਸ ਮੌਕੇ ਆਖਿਆ, ‘ਸਿਨੇਮਾ ਸਾਡੀ ਜਾਨ ਹੈ, ਆਖਰੀ ਸਾਹਾਂ ਤੱਕ ਅਸੀਂ ਆਪਣੀ ਮਾਂ ਬੋਲੀ ਦੇ ਸਿਨੇਮਾ ਲਈ ਕੰਮ ਕਰਦੇ ਰਹਾਂਗੇ।’ ਡਾ. ਸਤੀਸ਼ ਵਰਮਾ ਨੇ ਕਿਹਾ ਕਿ ਸਿਨੇਮਾ ਸਬੰਧੀ ਸਾਡੀ ਪੰਜਾਬੀ ਜ਼ੁਬਾਨ ਵਿੱਚ ਬਹੁਤ ਘੱਟ ਸਾਹਿਤ ਲਿਖਿਆ ਗਿਆ ਹੈ। ਇਸ ਲਈ ਦਲਜੀਤ ਅਰੋੜਾ ਅਤੇ ਮਲਕੀਤ ਰੌਣੀ ਦੇ ਇਸ ਪੁਸਤਕ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਸਿਨੇਮਾ ਬਾਰੇ ਖੋਜ ਕਰਨ ਵਾਲੀਆਂ ਪੀੜ੍ਹੀਆਂ ਲਈ ਅਜਿਹੀਆਂ ਪੁਸਤਕਾਂ ਕਾਰਗਰ ਸਿੱਧ ਹੋਣਗੀਆਂ। ਇਸ ਮੌਕੇ ਕਰਮਜੀਤ ਅਨਮੋਲ, ਬਲਕਾਰ ਸਿੱਧੂ, ਸਵੈਰਾਜ ਸੰਧੂ, ਮੁਨੀਸ਼ ਸਾਹਨੀ, ਸ਼ਿਵੰਦਰ ਮਾਹਲ, ਨਾਟਕਕਾਰ ਜਗਦੀਸ਼ ਸਚਦੇਵਾ ਅਤੇ ਸਰਦਾਰ ਸੋਹੀ ਨੇ ਸੰਬੋਧਨ ਕਰਦਿਆਂ ਪੁਸਤਕ ਦੀ ਖੂਬ ਪ੍ਰਸ਼ੰਸਾ ਕਰਦਿਆਂ ਦਲਜੀਤ ਅਰੋੜਾ ਤੇ ਮਲਕੀਤ ਰੌਣੀ ਨੂੰ ਵਧਾਈ ਵੀ ਦਿੱਤੀ। ‘ਨਜ਼ਫਟਾ’ ਦੇ ਪ੍ਰਧਾਨ ਗੁਰਪ੍ਰੀਤ ਘੁੱਗੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਪਣੇ ਕੁੰਜੀਵਤ ਭਾਸ਼ਣ ਵਿੱਚ ਆਖਿਆ ਕਿ ਅੱਜ ਸਾਡੇ ਕੋਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪਸਾਰ ਦਾ ਸਭ ਤੋਂ ਵੱਡਾ ਸਾਧਨ ਸਿਨੇਮਾ ਅਤੇ ਟੈਲੀਵਿਜ਼ਨ ਹੈ। ਪੰਜਾਬੀ ਫ਼ਿਲਮਾਂ 100 ਤੋਂ ਵੱਧ ਮੁਲਕਾਂ ਵਿੱਚ ਰਿਲੀਜ਼ ਹੁੰਦੀਆਂ ਹਨ। ਇਸ ਲਈ ਇਹ ਸਿਨੇਮਾ ਹੀ ਹੈ , ਜਿਸ ਨੇ ਮਾਂ ਬੋਲੀ ਨੂੰ ਫੈਲਾਉਣ ਵਿੱਚ ਯੋਗਦਾਨ ਪਾਇਆ ਹੈ ਤੇ ਭਵਿੱਖ ਵਿੱਚ ਵੀ ਇਹੋ ਸੰਭਾਵਨਾਵਾਂ ਰਹਿਣਗੀਆਂ। ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸੰਸਥਾ ਦੇ ਜਨਰਲ ਸਕੱਤਰ ਮਲਕੀਤ ਰੌਣੀ ਵੱਲੋਂ ਨੇ ਨਿਭਾਈ।