ਚੰਡੀਗੜ੍ਹ: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੀ.ਐੱਸ. ਆਰਟਸ ਐਂਡ ਕਲਚਰ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਕਰਵਾਏ ਸਾਹਿਤਕ ਸਮਾਗਮ ਦੌਰਾਨ ਪਰਵੀਨ ਸੰਧੂ ਦੀ ਪਲੇਠੀ ਕਿਤਾਬ ‘ਮਾਂ ਦਾ ਪੁਨਰ-ਜਨਮ’ ਲੋਕ ਅਰਪਣ ਕੀਤੀ ਗਈ। ਇਹ ਰਸਮ ਡਾ. ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦੀ ਅਗਵਾਈ ਹੇਠ ਹੋਈ। ਮਨਜੀਤ ਕੌਰ ਮੀਤ ਨੇ ਕਿਤਾਬ ਦੀਆਂ ਪ੍ਰੇਰਕ ਬਰੀਕੀਆਂ ਸਾਹਮਣੇ ਲਿਆਂਦੀਆਂ। ਸਮਾਗਮ ਦੇ ਮੁੱਖ ਮਹਿਮਾਨ ਡਾ. ਜਸਵਿੰਦਰ ਭੱਲਾ ਨੇ ਆਖਿਆ ਕਿ ਮਾਂ, ਮਾਂ ਦੇ ਨਾਲ-ਨਾਲ ਸਭ ਤੋਂ ਪਹਿਲੀ ਸਾਡੀ ਗੁਰੂ ਵੀ ਹੁੰਦੀ ਹੈ। ਉਨ੍ਹਾਂ ਨੇ ਪਰਵੀਨ ਸੰਧੂ ਨੂੰ ਕਿਤਾਬ ਲਈ ਵਧਾਈ ਦਿੱਤੀ। ਵਿਸ਼ੇਸ਼ ਮਹਿਮਾਨ ਕਲਾਕਾਰ ਬਾਲ ਮੁਕੰਦ ਸ਼ਰਮਾ ਨੇ ਮੰਚ ’ਤੇ ਮੌਜੂਦ ਪਰਵੀਨ ਦੀ ਮਾਤਾ ਦਵਿੰਦਰ ਕੌਰ ਸੰਧੂ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਹੀ ਸਿੱਖਿਆ ਨੇ ਹੀ ਪਰਵੀਨ ਨੂੰ ਅੱਗੇ ਵਧਾਇਆ ਹੈ। ਲੇਖਕ ਪਰਵੀਨ ਸੰਧੂ ਨੇ ਕਿਹਾ, ‘ਸਾਡੀ ਮਾਂ ਉਸ ਅਣਡਿੱਠੇ ਸੰਸਾਰ ’ਚੋਂ ਦੁਆਵਾਂ ਸਦਕਾ ਮੁੜ ਆਈ ਤੇ ਫਿਰ ‘ਮਾਂ ਦਾ ਪੁਨਰ-ਜਨਮ’ ਕਿਤਾਬ ਦੀ ਸਿਰਜਣਾ ਹੋ ਗਈ।’ ਪ੍ਰੀਤ ਸੰਘਰੇੜੀ ਨੇ ਜਸਵਿੰਦਰ ਭੱਲਾ ਨੂੰ ਉਨ੍ਹਾਂ ਦੇ ਜੀਵਨ ’ਤੇ ਲਿਖਿਆ ਕਾਵਿ ਚਿੱਤਰ ਵੀ ਭੇਟ ਕੀਤਾ। -ਸਾਹਿਤ ਪ੍ਰਤੀਨਿਧ